ਅਨਲੌਕ-5 ਸਬੰਧੀ ਹਦਾਇਤਾਂ 30 ਨਵੰਬਰ ਤੱਕ ਵਧਾਈਆਂ

ਅਨਲੌਕ-5 ਸਬੰਧੀ ਹਦਾਇਤਾਂ 30 ਨਵੰਬਰ ਤੱਕ ਵਧਾਈਆਂ

ਸੈਕਟਰ-17 ਵਿੱਚ ਪਲਾਜ਼ਾ ਦੇ ਫ਼ੁਹਾਰੇ ਦੀ ਰੇਲਿੰਗ ’ਤੇ ਸੁੱਕਣੇ ਪਾਏ ਹੋਏ ਕੱਪੜੇ। -ਫੋਟੋ: ਮਨੋਜ ਮਹਾਜਨ

ਆਤਿਸ਼ ਗੁਪਤਾ
ਚੰਡੀਗੜ੍ਹ, 28 ਅਕਤੂਬਰ

ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲੌਕ-5 ਸਬੰਧੀ 31 ਅਕਤੂਬਰ ਨੂੰ ਜਾਰੀ ਕੀਤੀਆਂ ਹਦਾਇਤਾਂ ਨੂੰ 30 ਨਵੰਬਰ ਤੱਕ ਵਧਾ ਦਿੱਤਾ ਹੈ। ਇਨ੍ਹਾਂ ਗਾਈਡਲਾਈਨਜ਼ ਦੀ ਪਾਲਣਾ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਬੰਧਤ ਹਦਾਇਤਾਂ ਦੀ ਸਮਾਂ ਸੀਮਾ ਵਿੱਚ ਇਕ ਮਹੀਨੇ ਦਾ ਵਾਧਾ ਕਰ ਦਿੱਤਾ ਹੈ। ਇਸ ਤਰ੍ਹਾਂ ਯੂਟੀ ਪ੍ਰਸ਼ਾਸਨ ਵੱਲੋਂ 31 ਅਕਤੂਬਰ ਨੂੰ ਜਾਰੀ ਕੀਤੇ ਆਦੇਸ਼ ਸ਼ਹਿਰ ਵਿੱਚ 30 ਨਵੰਬਰ ਤੱਕ ਲਾਗੂ ਰਹਿਣਗੇ।

ਕੇਂਦਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਿੱਚ ਮਲਟੀਪਲੈਕਸ ਅਤੇ ਥੀਏਟਰ 50 ਫ਼ੀਸਦ ਸਿਟਿੰਗ ਸਮਰਥਾ ਨਾਲ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਸਵੀਮਿੰਗ ਪੂਲ ਕੇਵਲ ਖਿਡਾਰੀਆਂ ਲਈ ਖੁੱਲ੍ਹੇ ਰਹਿਣਗੇ ਜਦਕਿ ਆਮ ਲੋਕਾਂ ਲਈ ਬੰਦ ਰਹਿਣਗੇ। ਪ੍ਰਸ਼ਾਸਨਿਕ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਦੇ ਆਦੇਸ਼ਾਂ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਲਿਆ ਜਾਣ ਵਾਲਾ ਫ਼ੈਸਲਾ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਇਲਾਕਿਆਂ ਵਿੱਚ ਲਾਗੂ ਹੋਵੇਗਾ। ਪ੍ਰਸ਼ਾਸਨ ਨੇ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਇਲਾਕਿਆਂ ਵਿੱਚ ਬਿਜਨਸ-ਟੂ-ਬਿਜਨਸ ਪ੍ਰਦਰਸ਼ਨੀਆਂ ਲਾਊਣ ਲਈ ਪ੍ਰਵਾਨਗੀ ਦਿੱਤੀ ਹੋਈ ਹੈ।

ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਯੂਟੀ ਪ੍ਰਸ਼ਾਸਨ ਨੇ ਮਨੋਰੰਜਕ ਪਾਰਕ ਅਤੇ ਸ਼ਹਿਰ ਦੇ ਹੋਰਨਾਂ ਪਾਰਕਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮ, ਸਮਾਜਿਕ ਤੇ ਰਾਜਨੀਤਕ ਇਕੱਠ ਅਤੇ ਸੱਭਿਆਚਾਰਕ ਸਮਾਗਮ ਕਰਵਾਉਣ ਲਈ 100 ਵਿਅਕਤੀਆਂ ਦੇ ਇਕੱਠ ਦੀ ਪ੍ਰਵਾਨਗੀ ਦਿੱਤੀ ਗਈ ਹੈ। 

ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਹ ਆਦੇਸ਼ ਕੰਟੇਨਮੈਂਟ ਜ਼ੋਨ ਤੋਂ ਬਾਹਰੀ ਇਲਾਕਿਆਂ ਵਿੱਚ ਲਾਗੂ ਹੋਣਗੇ ਜਦਕਿ ਕੰਟੇਨਮੈਂਟ ਜ਼ੋਨ ਵਿੱਚ 31 ਅਕਤੂਬਰ ਤੱਕ ਤਾਲਾਬੰਦੀ ਜਾਰੀ ਰਹੇਗੀ। ਕੇਂਦਰ ਨੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਲੋਕਾਂ ਨੂੰ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਕਰਦਿਆਂ ਮਾਸਕ ਦੀ ਵਰਤੋਂ ਕਰਨ ਲਈ ਪ੍ਰੇਰਿਆ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਰੋਨਾ ਲਾਗ ਦੇ ਫ਼ੈਲਣ ਦਾ ਖਦਸ਼ਾ ਜਤਾਉਂਦਿਆਂ ਦੀਵਾਲੀ ਮੌਕੇ ਸੁਖਨਾ ਝੀਲ ’ਤੇ ਹੋਣ ਵਾਲੇ ਲੇਜ਼ਰ ਸ਼ੋਅ ਨੂੰ ਰੱਦ ਕਰ ਦਿੱਤਾ ਸੀ। ਸ਼ਹਿਰ ਵਾਸੀਆਂ ਨੂੰ ਤਿਉਹਾਰਾਂ ਦੌਰਾਨ ਸਮਾਜਿਕ ਦੂਰੀ ਦੇ ਨਿਯਮ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਤੇ ਕੋਵਿਡ ਸਬੰਧੀ ਮੋਦੀ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਵੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।  

ਕਿਸ਼ਨਗੜ੍ਹ ਵਿੱਚੋਂ ਮਾਈਕਰੋ ਕੰਟੇਨਮੈਂਟ ਜ਼ੋਨ ਹਟਾਇਆ

ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਕਰੋਨਾ ਦੇ ਨਵੇ ਕੇਸ ਨਾ ਆਉਣ ’ਤੇ ਸਬੰਧਤ ਇਲਾਕੇ ਨੂੰ 14 ਦਿਨਾਂ ਬਾਅਦ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਇਸੇ ਤਹਿਤ ਯੂਟੀ ਪ੍ਰਸ਼ਾਸਨ ਨੇ ਕਿਸ਼ਨਗੜ੍ਹ ਵਿੱਚੋਂ ਕੰਟੇਨਮੈਂਟ ਜ਼ੋਨ ਹਟਾ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਐੱਸਡੀਐੱਮ ਸੁਧਾਂਸ਼ੂ ਗੌਤਮ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ 14 ਅਕਤੂਬਰ ਨੂੰ ਕਰੋਨਾਵਾਇਰਸ ਦਾ ਆਖਰੀ ਪਾਜ਼ੇਟਿਵ ਕੇਸ ਪਾਇਆ ਗਿਆ ਸੀ ਜਿਸ ਤੋਂ ਬਾਅਦ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All