ਕੁਲਦੀਪ ਸਿੰਘ
ਚੰਡੀਗੜ੍ਹ, 24 ਫ਼ਰਵਰੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਅੱਜ ਪੀ.ਜੀ.ਆਈ. ਚੰਡੀਗੜ੍ਹ ਦਾ ਦੌਰਾ ਕੀਤਾ ਤੇ ਸੰਸਥਾਨ ਵਿੱਚ ਆਉਣ ਵਾਲੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਹੈ।
ਇਸ ਦੌਰਾਨ ਭੂਸ਼ਣ ਨੇ ਰਿਪੋਰਟਾਂ ਲਈ ਆਨਲਾਈਨ ਐਸ.ਐੱਮ.ਐੱਸ. ਅਧਾਰਿਤ ਰਿਪੋਰਟਾਂ ਦੀ ਪ੍ਰਾਪਤੀ ਦੀ ਸਹੂਲਤ ਵੀ ਸ਼ੁਰੂ ਕੀਤੀ ਜਿਸ ਵਿੱਚ ਪੀ.ਜੀ.ਆਈ. ਵਿੱਚ ਆਉਣ ਵਾਲੇ ਮਰੀਜ਼ ਆਪਣੀ ਲੈਬਾਰਟਰੀ ਜਾਂਚ ਤੱਕ ਆਸਾਨੀ ਨਾਲ ਪਹੁੰਚ ਕਰ ਸਕਦੇ ਹਨ। ਉਨ੍ਹਾਂ ਓਪੀਡੀ ਕੰਪਲੈਕਸ ’ਚ ਅੰਮ੍ਰਿਤ ਫਾਰਮੇਸੀ ਆਊਟਲੈੱਟ ਦਾ ਉਦਘਾਟਨ ਵੀ ਕੀਤਾ।
ਆਪਣੀ ਫੇਰੀ ਦੌਰਾਨ ਸਕੱਤਰ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਸੁਰਜੀਤ ਸਿੰਘ ਤੇ ਹੋਰ ਅਧਿਕਾਰ ਸ਼ਾਮਲ ਹੋਏ। ਅਧਿਕਾਰੀਆਂ ਵੱਲੋਂ ਸਕੱਤਰ ਸਿਹਤ ਸੰਸਥਾ ਦੇ ਇਤਿਹਾਸ ਅਤੇ ਹਸਪਤਾਲ ਦੇ ਢਾਂਚੇ ਬਾਰੇ ਵੀ ਜਾਣੂ ਕਰਵਾਇਆ ਗਿਆ। ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੇ ਜਾਣ ’ਤੇ ਸਕੱਤਰ ਨੇ ਸੰਸਥਾ ਨੂੰ ਦਰਪੇਸ਼ ਮੁਸ਼ਕਲਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।