ਜਗਮੋਹਨ ਸਿੰਘ
ਰੂਪਨਗਰ, 10 ਅਪਰੈਲ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਹਵਾਈ ਸੈਨਾ ਦੇ ਏਅਰਮੈਨ ਅਹੁਦੇ ਲਈ ਜੁਲਾਈ, 2021 ਵਿੱਚ ਲਈ ਗਈ ਪ੍ਰੀਖਿਆ ਦਾ ਨਤੀਜਾ ਜਲਦੀ ਐਲਾਨਿਆ ਜਾਵੇ ਤੇ ਸੈਨਾ ਦੇ ਸਾਰੇ ਵਿੰਗਾਂ ਵਿੱਚ ਖਾਲੀ ਪਈਆਂ ਵੱਖ ਵੱਖ ਆਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਇੱਥੇ ਗੱਲਬਾਤ ਦੌਰਾਨ ਸ੍ਰੀ ਢਿੱਲੋਂ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਭਾਰਤੀ ਫੌਜ ਵਿੱਚ ਇਸ ਸਮੇਂ ਲਗਭਗ 81000, ਜਲ ਸੈਨਾ ਵਿੱਚ 20000 ਅਤੇ ਹਵਾਈ ਸੈਨਾ ਵਿੱਚ 5471 ਆਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ ਹਰ ਸਾਲ ਪੰਜਾਹ-ਸੱਠ ਹਜ਼ਾਰ ਫ਼ੌਜੀ ਸੇਵਾਮੁਕਤ ਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ 30 ਸਤੰਬਰ, 2020 ਤੋਂ ਫ਼ੌਜ ਵਿੱਚ ਰੁਜ਼ਗਾਰ ਪ੍ਰਾਪਤੀ ਲਈ ਧਰਨਾ ਦੇ ਰਹੇ ਬੇਰੁਜ਼ਗਾਰ ਨੌਜਵਾਨਾਂ ਦੀ ਸਮੱਸਿਆ ਸੁਣ ਕੇ ਕੇਂਦਰ ਸਰਕਾਰ ਤੁਰੰਤ ਹੱਲ ਕਰੇ ਅਤੇ ਇਸ ਅਰਸੇ ਦੌਰਾਨ ਆਪਣੀ ਉਮਰ ਹੱਦ ਦੀ ਸੀਮਾ ਪਾਰ ਕਰ ਚੁੱਕੇ ਨੌਜਵਾਨਾਂ ਨੂੰ ਉਮਰ ਹੱਦ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਵੇ। ਸ੍ਰੀ ਢਿੱਲੋਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਨੌਜਵਾਨਾਂ ਦੀ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਤਾਂ ਪੰਜਾਬ ਯੂਥ ਕਾਂਗਰਸ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕਰੇਗੀ।