ਪੱਤਰ ਪ੍ਰੇਰਕ
ਰੂਪਨਗਰ, 29 ਸਤੰਬਰ
ਜੇਲ੍ਹ ਪ੍ਰਸ਼ਾਸਨ ਵਲੋਂ ਕੈਦੀਆਂ ਅਤੇ ਵਿਚਾਰ ਅਧੀਨ ਬੰਦੀਆਂ ਨੂੰ ਮੁਹੱਈਆ ਕਰਵਾਈਆ ਜਾ ਰਹੀਆਂ ਸਹੂਲਤਾਂ ਅਤੇ ਹੋਰ ਜੇਲ੍ਹ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਨਗਰ ਹਰਪ੍ਰੀਤ ਕੌਰ ਜੀਵਨ, , ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਬਰਿੰਦਰ ਸਿੰਘ ਰਮਾਣਾ ਅਤੇ ਸੀ.ਜੇ.ਐਮ ਕਮ ਸਕੱਤਰ ਸ੍ਰੀ ਮਾਨਵ ਵੱਲੋਂ ਜ਼ਿਲ੍ਹਾ ਜ਼ੇਲ੍ਹ ਦਾ ਅਚਨਚੇਤੀ ਦੌਰਾ ਕੀਤਾ ਗਿਆ।
ਜੱਜਾਂ ਵੱਲੋਂ ਪੂਰੀ ਜੇਲ੍ਹ ਦਾ ਮੁਆਇਨਾ ਕੀਤਾ ਗਿਆ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਬੈਰਕਾਂ ਦਾ ਦੌਰਾ ਕਰਕੇ ਬੰਦੀਆਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਨੇ ਖਾਸ ਤੌਰ ’ਤੇ ਜੇਲ੍ਹ ਵਿੱਚ ਬਣੇ ਹਸਪਤਾਲ ਦਾ ਨਿਰੀਖਣ ਕੀਤਾ ਅਤੇ ਡਾਕਟਰ ਨੂੰ ਵਧੀਆ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਨੇ ਜਿਲ੍ਹਾ ਜੇਲ੍ਹ ਵਿੱਚ ਬਣੇ ਕਾਨੂੰਨੀ ਸਹਾਇਤਾ ਕਲੀਨਿਕ ਜਿਸ ਦੁਆਰਾ ਬੰਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿਤੀ ਜਾਂਦੀ ਹੈ, ਦੇ ਰਿਕਾਰਡ ਦੀ ਪੜਤਾਲ ਵੀ ਕੀਤੀ ਅਤੇ ਜ਼ਰੂਰੀ ਨਿਰਦੇਸ਼ ਦਿੱਤੇ ਕਿ ਕੋਈ ਵੀ ਲੋੜਵੰਦ ਬੰਦੀ ਕਾਨੂੰਨੀ ਸਹਾਇਤਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਜੇਲ੍ਹ ਦੇ ਲੰਗਰ ਹਾਲ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਬਣ ਰਹੇ ਭੋਜਨ ਦਾ ਮੁਆਇਨਾ ਕੀਤਾ।