ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 27 ਮਈ
ਬੇਰੁਜ਼ਗਾਰ ਡਰਾਇੰਗ ਮਾਸਟਰਜ਼ ਸੰਘਰਸ਼ ਕਮੇਟੀ ਦੀ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਮੀਟਿੰਗ ਹੋਈ। ਕਮੇਟੀ ਦੇ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਆਰਟ ਐਂਡ ਕਰਾਫਟ ਦੀਆਂ ਪੋਸਟਾਂ ਦੇ ਸਰਵਿਸ ਰੂਲ 2018 ਬਾਰੇ ਸਿੱਖਿਆ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਅੱਜ ਵੀ ਪੰਜਾਬ ਦੇ 3 ਸਰਕਾਰੀ ਕਾਲਜ ਆਰਟ ਐਂਡ ਕਰਾਫਟ ਦਾ ਡਿਪਲੋਮਾ ਦਸਵੀਂ ਦੇ ਆਧਾਰ ’ਤੇ ਕਰਵਾ ਰਹੇ ਹਨ ਪਰ ਸਰਕਾਰ ਵੱਲੋਂ ਕੱਢੀਆਂ ਗਈਆਂ 250 ਪੋਸਟਾਂ ਦੀ ਯੋਗਤਾ ਬੀਏ ਬੀਐੱਡ ਅਤੇ ਪੀਐੱਸਟੀਈਟੀ ਰੱਖ ਦਿੱਤੀ ਗਈ ਹੈ, ਜੋ ਕਿ ਡਿਪਲੋਮਾ ਹੋਲਡਰ ਨਾਲ ਸਰਾਸਰ ਧੱਕਾ ਹੈ। ਪ੍ਰਧਾਨ ਸੰਦੀਪ ਸਿੰਘ ਅਨੁਸਾਰ ਸਿੱਖਿਆ ਮੰਤਰੀ ਮੀਤ ਹੇਅਰ ਨੇ ਸਾਰੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ ਅਤੇ ਜਲਦ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਉਮਰ ਹੱਦ ਅਤੇ ਪੋਸਟਾਂ ਵਿੱਚ ਵਾਧੇ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਭਰੋਸਾ ਮਿਲਣ ਮਗਰੋਂ 29 ਮਈ ਦਾ ਧਰਨਾ ਇੱਕ ਹਫਤੇ ਲਈ ਮੁਲਤਵੀ ਕਰ ਦਿੱਤਾ ਹੈ।