ਸੰਜੀਵ ਤੇਜਵਾਲ
ਮੋਰਿੰਡਾ, 18 ਜੁਲਾਈ
ਮੋਰਿੰਡਾ ਰੇਲਵੇ ਫਾਟਕਾਂ ਨੇੜੇ ਆਵਾਜਾਈ ਦੀ ਸਮੱਸਿਆ ਦਾ ਹੱਲ ਕਰਨ ਲਈ ਕੁੱਝ ਮਹੀਨੇ ਪਹਿਲਾਂ ਅੰਡਰਬ੍ਰਿੱਜ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ, ਪਰ ਫੰਡਾਂ ਦੀ ਘਾਟ ਕਾਰਨ ਇਸ ਦਾ ਕੰਮ ਅੱਧ-ਵਿਚਕਾਰ ਹੀ ਰੁਕਿਆ ਹੋਇਆ ਹੈ ਤੇ ਇਸ ਦਾ ਖਾਮਿਆਜ਼ਾ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ, ਜਿਨ੍ਹਾਂ ਦੇ ਕਾਰੋਬਾਰ ਠੱਪ ਹੋ ਗਏ ਹਨ। ਇਸ ਸਬੰਧੀ ਹਲਕਾ ਇੰਚਾਰਜ ਅਕਾਲੀ ਦਲ (ਬਾਦਲ) ਹਰਮੋਹਣ ਸਿੰਘ ਸੰਧੂ ਨੇ ਦੱਸਿਆ ਕਿ ਮੋਰਿੰਡਾ ਦੇ ਇਸ ਰੇਲਵੇ ਅੰਡਰਬ੍ਰਿਜ ਦੇ ਨਿਰਮਾਣ ’ਤੇ 17 ਕਰੋੜ 12 ਲੱਖ ਰੁਪਏ ਦਾ ਖਰਚਾ ਕੀਤਾ ਜਾਣਾ ਹੈ, ਜੋ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਿਲ ਕੇ ਕੀਤਾ ਜਾਵੇਗਾ।
ਪ੍ਰਾਜੈਕਟ ਦਾ ਕੰਮ ਕਰਵਾ ਰਹੇ ਲੋਕ ਨਿਰਮਾਣ ਵਿਭਾਗ ਦੇ ਜੇਈ ਨੇ ਦੱਸਿਆ ਕਿ ਇਸ ਅੰਡਰਬ੍ਰਿਜ ਨਿੱਚੇ ਵਾਟਰ ਸਪਲਾਈ ਦੀ ਜੋ ਪਾਈਪ ਪਾਈ ਜਾ ਰਹੀ ਹੈ, ਉਸ ਨੂੰ ਸ਼ਿਫਟ ਕਰਨ ’ਤੇ 17 ਲੱਖ ਰੁਪਏ ਖਰਚਾ ਆਉਣਾ ਹੈ ਤੇ ਬਿਜਲੀ ਦੀਆਂ ਤਾਰਾਂ ਨੂੰ ਸ਼ਿਫਟ ਕਰਨ ਦਾ 50 ਲੱਖ ਦਾ ਖਰਚਾ ਆਉਣਾ ਹੈ, ਪਰ ਫੰਡਾਂ ਦੀ ਘਾਟ ਕਾਰਨ ਅਜੇ ਤੱਕ ਇਹ ਪੈਸੇ ਜਮ੍ਹਾਂ ਨਹੀਂ ਹੋਏ। ਇਸ ਸਬੰਧੀ ਪੰਜਾਬ ਪਾਵਰਕੌਮ ਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੈਸਾ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਹੁੰਦਾ, ਉੱਦੋਂ ਤੱਕ ਕੰਮ ਨਹੀਂ ਹੋ ਸਕਦਾ। ਲੋਕ ਨਿਰਮਾਣ ਵਿਭਾਗ ਨੇ ਇਸ ਪ੍ਰਾਜੈਕਟ ਨੂੰ ਛੇ ਮਹੀਨਿਆਂ ਵਿੱਚ ਨੇਪਰੇ ਚਾੜ੍ਹਨਾ ਸੀ ਪਰ ਅੱਧੇ ਤੋਂ ਵੱਧ ਸਮਾਂ ਬੀਤਣ ’ਤੇ ਵੀ ਹਾਲੇ 10 ਫ਼ੀਸਦ ਕੰਮ ਹੀ ਹੋਇਆ ਹੈ। ਸ੍ਰੀ ਸੰਧੂ ਨੇ ਕਿਹਾ ਕਿ ਬਗੈਰ ਵਿਉਂਤਬੰਦੀ ਤੋਂ ਇਸ ਪੁਲ ਦਾ ਕੰਮ ਛੇੜ ਤਾਂ ਲਿਆ ਪਰ ਇਸ ਨੂੰ ਕਦੋਂ ਨੇਪਰੇ ਚਾੜ੍ਹਿਆ ਜਾਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।