ਹਰਜੀਤ ਸਿੰਘ
ਜ਼ੀਰਕਪੁਰ, 5 ਦਸੰਬਰ
ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਚੰਡੀਗੜ੍ਹ ਦੀ ਹੱਦ ਨੇੜੇ ਜ਼ੀਰਕਪੁਰ ਵਿੱਚ ਲੱਗਣ ਵਾਲੇ ਜਾਮ ਦੀ ਸਮੱਸਿਆ ਦੇ ਹੱਲ ਲਈ ਅੰਡਰਬ੍ਰਿਜ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ। ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ 500 ਮੀਟਰ ਲੰਮੇ ਇਸ ਅੰਡਰਬ੍ਰਿਜ ਨੂੰ ਕੰਮ ਆਉਣ ਵਾਲੇ ਛੇ ਮਹੀਨੇ ਵਿੱਚ ਨੇਪਰੇ ਚਾੜ੍ਹ ਲਿਆ ਜਾਵੇਗਾ ਜਿਸ ਦੀ ਉਸਾਰੀ ਮਗਰੋਂ ਚੰਡੀਗੜ੍ਹ ਹੱਦ ’ਤੇ ਲੱਗਣ ਵਾਲੇ ਜਾਮ ਤੋਂ ਵੱਡੀ ਰਾਹਤ ਮਿਲੇਗੀ। ਜ਼ੀਰਕਪੁਰ ਫਲਾਈਓਵਰ ਤੋਂ ਉੱਤਰਨ ਮਗਰੋਂ ਆਵਾਜਾਈ ਰਮਾਡਾ ਹੋਟਲ ਦੇ ਸਾਹਮਣੇ ਤੋਂ ਇਸ ਅੰਡਰਬ੍ਰਿਜ ’ਤੇ ਚੜ੍ਹ ਕੇ ਬਿਨਾਂ ਕਿਸੇ ਅੜਿੱਕੇ ਦੇ ਚੰਡੀਗੜ੍ਹ ਵਿੱਚ ਦਾਖ਼ਲ ਹੋ ਜਾਏਗੀ ਜਦਕਿ ਇਸ ਤੋਂ ਪਹਿਲਾਂ ਹੇਠਾਂ ਟਰੈਫਿਕ ਲਾਈਟ ਪੁਆਇੰਟ ਅਤੇ ਗੁਦਾਮ ਖੇਤਰ ਵਿੱਚੋਂ ਨਿਕਲਣ ਅਤੇ ਦਾਖ਼ਲ ਹੋਣ ਵਾਲੇ ਵਾਹਨਾਂ ਕਾਰਨ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ।
ਇਸ ਅੰਡਰਬ੍ਰਿਜ ਨਾਲ ਸ਼ਹਿਰ ਵਿੱਚ ਸਿਰਫ਼ ਚੰਡੀਗੜ੍ਹ ਹੱਦ ’ਤੇ ਜਾਮ ਦੀ ਸਮੱਸਿਆ ਦਾ ਹੱਲ ਹੋਵੇਗਾ ਜਦਕਿ ਸ਼ਹਿਰ ਵਿੱਚ ਸਿੰਘਪੁਰਾ ਚੌਕ, ਮੈਕਡੌਨਲਡ ਚੌਕ ਅਤੇ ਪਿੰਡ ਭਾਂਖਰਪੁਰ ਟਰੈਫਿਕ ਲਾਈਟ ਪੁਆਇੰਟ ’ਤੇ ਹਰ ਵੇਲੇ ਭਾਰੀ ਜਾਮ ਰਹਿੰਦਾ ਹੈ। ਇੱਥੇ ਸਾਰਾ ਦਿਨ ਵਾਹਨਾਂ ਦਾ ਘੜਮੱਸ ਮਚਿਆ ਰਹਿੰਦਾ ਹੈ ਜਿਸ ਕਾਰਨ ਹਾਈਵੇਅ ’ਤੇ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਸਵੇਰ ਅਤੇ ਸ਼ਾਮ ਵੇਲੇ ਦਫਤਰ ਜਾਣ ਵਾਲੇ ਲੋਕਾਂ ਕਾਰਨ ਜਾਮ ਦੀ ਸਥਿਤੀ ਗੰਭੀਰ ਰੂਪ ਧਾਰ ਲੈਂਦੀ ਹੈ। ਇਥੇ ਵੀ ਪ੍ਰਸ਼ਾਸ਼ਨ ਨੂੰ ਅੰਡਰਬ੍ਰਿਜ ਜਾਂ ਇਸ ਸਮੱਸਿਆ ਦਾ ਪੱਕਾ ਹੱਲ ਕੀਤੇ ਬਿਨਾਂ ਜਾਮ ਦੀ ਸਮੱਸਿਆ ਤੋਂ ਨਿਜਾਤ ਨਹੀਂ ਮਿਲੇਗੀ। ਇਨ੍ਹਾਂ ਤਿੰਨ ਪੁਆਇੰਟਾਂ ਤੋਂ ਇਲਾਵਾ ਸ਼ਹਿਰ ਵਿੱਚ ਪਟਿਆਲਾ ਅਤੇ ਪੰਚਕੂਲਾ ਤੇ ਹਿਮਾਚਲ ਵੱਲ ਆਉਣ ਜਾਣ ਵਾਲੀ ਆਵਾਜਾਈ ਨੂੰ ਫਲਾਈਓਵਰ ਦੇ ਹੇਠਲੀ ਸੜਕ ਦੀ ਵਰਤੋਂ ਕਰਨੀ ਪੈਂਦੀ ਹੈ ਜਿਸ ਕਾਰਨ ਪਟਿਆਲਾ ਅਤੇ ਕਾਲਕਾ ਚੌਕ ’ਤੇ ਹਰ ਵੇਲੇ ਭਾਰੀ ਜਾਮ ਰਹਿੰਦਾ ਹੈ। ਇਸਦੇ ਹੱਲ ਲਈ ਪਟਿਆਲਾ ਅਤੇ ਪੰਚਕੂਲਾ ਤੇ ਹਿਮਾਚਲ ਜਾਣ ਵਾਲੀ ਆਵਾਜਾਈ ਲਈ ਫਲਾਈਓਵਰ ਦੀ ਉਸਾਰੀ ਦੀ ਬਹੁਤ ਲੋੜ ਹੈ ਜਿਸ ਮਗਰੋਂ ਫਲਾਈਓਵਰ ਦੇ ਹੇਠਾਂ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਐੱਸ.ਡੀ.ਐੱਮ. ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਜਾਮ ਦੀ ਸਮੱਸਿਆ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਛੇਤੀ ਇਸਦਾ ਹੱਲ ਕੱਢਿਆ ਜਾਏਗਾ।