ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 9 ਸਤੰਬਰ
ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ‘ਆਪ’ ਦੀ ਆਕਸੀਮੀਟਰ ਮੁਹਿੰਮ ਬਾਰੇ ਕੀਤੀਆਂ ਟਿੱਪਣੀਆਂ ਦਾ ਸਖ਼ਤ ਸ਼ਬਦਾਂ ਵਿੱਚ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਸੂਬੇ ਵਿੱਚ ਕਰੋਨਾ ਦੇ ਕਹਿਰ ਨੂੰ ਠੱਲ੍ਹ ਪਾਉਣ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ ਅਤੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ‘ਆਪ’ ਨੂੰ ਭੰਡਣ ’ਤੇ ਲੱਗੇ ਹੋਏ ਹਨ। ਅੱਜ ਇੱਥੇ ਸ਼ਾਮ ਨੂੰ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ ਅਤੇ ਸੀਨੀਅਰ ਆਗੂ ਡਾ. ਬਲਬੀਰ ਸਿੰਘ ਨੇ ‘ਆਪ’ ਦੀ ਆਕਸੀਮੀਟਰ ਮੁਹਿੰਮ ਲਈ ਤਿਆਰ ਕੀਤੀ ਕਿੱਟ ਦਿਖਾਉਂਦੇ ਹੋਏ ਕਿਹਾ ਕਿ ਇਸ ਸਮੇਂ ਲੋਕਾਂ ਦੀ ਜਾਨ ਬਚਾਉਣਾ ਅਹਿਮ ਕੰਮ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਹਲੂਣਿਆਂ ਨੇ ‘ਫਾਰਮ ਹਾਊਸ’ ਵਿੱਚ ਸੁੱਤੀ ਪਈ ਸਰਕਾਰ ਦੀ ਨੀਂਦ ਤੋੜੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਜ਼ਬਰਦਸਤ ਹਲੂਣੇ ਦਿੱਤੇ ਜਾਣਗੇ। ਸ੍ਰੀ ਚੀਮਾ ਨੇ ਕਿਹਾ ਕਿ ਇਕ ਪਾਸੇ ਹੁਕਮਰਾਨ ‘ਆਪ’ ਦੇ ਕਰੋਨਾ ਮੀਟਰਾਂ ਦਾ ਵਿਰੋਧ ਕਰ ਰਹੇ ਹਨ, ਦੂਜੇ ਪਾਸੇ ਖ਼ੁਦ 50 ਹਜ਼ਾਰ ਆਕਸੀਮੀਟਰਾਂ ਦਾ ਆਰਡਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਰਜਿੰਦਰਾ ਹਸਪਤਾਲ ’ਚੋਂ ਭੱਜ ਕੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਹੋਏ ਹਨ। ਸ੍ਰੀ ਚੀਮਾ ਨੇ ਮੁੱਖ ਮੰਤਰੀ ਦੇ ਸ਼ਹਿਰ ਦੇ ਰਜਿੰਦਰਾ ਹਸਪਤਾਲ ਦੇ ਹਵਾਲੇ ਨਾਲ ਕਿਹਾ ਕਿ 7 ਸਤੰਬਰ ਤੱਕ ਦੇ 48 ਘੰਟਿਆਂ ਵਿੱਚ ਉੱਥੇ 55 ਫ਼ੀਸਦੀ ਮੌਤਾਂ ਦਾ ਸੁੰਨ ਕਰਨ ਵਾਲਾ ਅੰਕੜਾ ਸੁਰਖ਼ੀਆਂ ਬਣਿਆ ਹੈ, ਪ੍ਰੰਤੂ ਐਨੀ ਭਿਆਨਕ ਸਥਿਤੀ ਦੇ ਬਾਵਜੂਦ ਮੁੱਖ ਮੰਤਰੀ ਮੈਡੀਕਲ ਖੋਜ ਮੰਤਰੀ ਓਪੀ ਸੋਨੀ, ਸਿਹਤ ਮੰਤਰੀ ਬਲਬੀਰ ਸਿੱਧੂ ਕੁਝ ਨਹੀਂ ਬੋਲੇ, ਜਦਕਿ ਇਸ ਮਾਮਲੇ ਦੀ ਜਾਂਚ ਕਰਾਉਣੀ ਬਣਦੀ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਲੋਕਾਂ ਵਿੱਚ ਆਕਸੀਜਨ ਜਾਂਚ ਦੀ ਜਾਗਰੂਕਤਾ ਨਾਲ ਸੈਂਕੜੇ ਜਾਨਾਂ ਬਚਣਗੀਆਂ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਨਾਕਾਮੀ ਅਤੇ ਅਣਗਹਿਲੀ ਕਾਰਨ ਪੰਜਾਬ ਵਿੱਚ ਰੋਜ਼ਾਨਾ 50 ਤੋਂ ਲੈ ਕੇ 100 ਤੱਕ ਮੌਤਾਂ ਹੋ ਰਹੀਆਂ ਹਨ ਅਤੇ ਲਗਭਗ 2000 ਨਵੇਂ ਕੇਸ ਸਾਹਮਣੇ ਆ ਰਹੇ ਹਨ।