ਪੱਤਰ ਪ੍ਰੇਰਕ
ਕੁਰਾਲੀ, 7 ਅਪਰੈਲ
ਇੱਥੇ ਕੁਰਾਲੀ-ਰੂਪਨਗਰ ਰੋਡ ’ਤੇ ਸਥਿਤ ਰੇਲਵੇ ਫਲਾਈਓਵਰ ’ਤੇ ਕਾਰ ਬੇਕਾਬੂ ਹੋ ਕੇ ਪਲਟ ਗਈ। ਬੇਕਾਬੂ ਹੋਈ ਕਾਰ ਫਲਾਈਓਵਰ ਦੀ ਰੇਲਿੰਗ ’ਤੇ ਜਾ ਚੜ੍ਹੀ ਅਤੇ ਹੇਠਾਂ ਸਰਵਿਸ ਰੋਡ ’ਤੇ ਡਿੱਗਣ ਤੋਂ ਬਚਾਅ ਹੋ ਗਿਆ। ਕਾਰ ਪਲਟਣ ਕਾਰਨ ਹੋਏ ਹਾਦਸੇ ਦੌਰਾਨ ਕਾਰ ਚਾਲਕ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਰੂਪਨਗਰ ਤੋਂ ਕੁਰਾਲੀ ਵੱਲ ਆ ਰਹੀ ਕਾਰ ਨੰਬਰ (ਪੀਬੀ 65 ਪੀ 3016) ਜਦੋਂ ਸ਼ਹਿਰ ਦੇ ਫਲਾਈਓਵਰ ’ਤੇ ਪੁੱਜੀ ਤਾਂ ਕਾਰ ਬੇਕਾਬੂ ਹੋ ਕੇ ਰੇਲਵੇ ਫਲਾਈਓਵਰ ਦੀ ਰੇਲਿੰਗ ’ਤੇ ਜਾ ਚੜ੍ਹੀ ਅਤੇ ਪੁਲ ਵੱਲ ਨੂੰ ਹੀ ਪਲਟ ਗਈ। ਕਾਰ ਪਲਟਣ ਕਾਰਨ ਕਾਰ ਚਾਲਕ ਰਤਨ ਸਿੰਘ ਨਿਵਾਸੀ ਰਵਿੰਦਰਾ ਐਨਕਲੇਵ ਬਲਟਾਣਾ, ਜ਼ੀਰਕਪੁਰ ਜ਼ਖ਼ਮੀ ਹੋ ਗਿਆ। ਇਕੱਠੇ ਹੋਏ ਲੋਕਾਂ ਨੇ ਕਾਰ ਨੂੰ ਸਿੱਧੀ ਕੀਤਾ ਅਤੇ ਚਾਲਕ ਨੂੰ ਬਾਹਰ ਕੱਢ ਕੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਪੁਲੀਸ ਵਲੋਂ ਜਾਂਚ ਤੇ ਕਾਰਵਾਈ ਕੀਤੀ ਜਾ ਰਹੀ ਹੈ।