ਕੁਰਾਲੀ (ਮਿਹਰ ਸਿੰਘ): ਕੁਰਾਲੀ-ਸਿਸਵਾਂ ਟੌਲ ਰੋਡ ਦੀ ਸਫਾਈ ਕਰ ਰਹੇ ਕਾਮਿਆਂ ਨੂੰ ਇੱਕ ਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ। ਬੇਕਾਬੂ ਕਾਰ ਦੀ ਲਪੇਟ ਵਿੱਚ ਆ ਕੇ ਚਾਰ ਕਾਮੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇੱਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਹ ਹਾਦਸਾ ਅੱਜ ਬਾਅਦ ਦੁਪਹਿਰ ਕੁਰਾਲੀ-ਸਿਸਵਾਂ ਸੜਕ ਉੱਤੇ ਪਿੰਡ ਦੁਸਾਰਨਾ ਦੇ ਪੁਲ ਤੋਂ ਪਹਿਲਾਂ ਵਾਪਰਿਆ। ਟੌਲ ਕੰਪਨੀ ਦੇ ਸਫਾਈ ਕਾਮੇ ਸੜਕ ਦੇ ਵਿਚਕਾਰ ਬਣੇ ਡਿਵਾਈਡਰਾਂ ਦੇ ਨਾਲ-ਨਾਲ ਜਮ੍ਹਾਂ ਹੋਈ ਮਿੱਟੀ ਇਕੱਠਾ ਕਰ ਰਹੇ ਸਨ। ਸਫਾਈ ਕਾਮਿਆਂ ਵੱਲੋਂ ਇਸ ਸਬੰਧੀ ਸਿਗਨਲ ਵੀ ਲਗਾਇਆ ਹੋਇਆ ਸੀ ਪਰ ਪੁਲ ਤੋਂ ਪਹਿਲਾਂ ਕੂਹਣੀ ਮੋੜ ਹੋਣ ਕਾਰਨ ਕੁਰਾਲੀ ਤੋਂ ਚੰਡੀਗੜ੍ਹ ਨੂੰ ਜਾ ਰਹੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਦੀ ਸਫਾਈ ਕਰ ਰਹੇ ਸਫਾਈ ਕਾਮਿਆਂ ’ਤੇ ਜਾ ਚੜ੍ਹੀ। ਕਾਰ ਦੀ ਲਪੇਟ ਵਿੱਚ ਆ ਕੇ ਸੜਕ ਦੀ ਸਫਾਈ ਕਰ ਰਹੇ ਜਸਵੀਰ ਸਿੰਘ, ਜਸਵਿੰਦਰ ਸਿੰਘ, ਸੁਖਦੇਵ ਸਿੰਘ ਅਤੇ ਬਲਵੀਰ ਸਿੰਘ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਕੁਰਾਲੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਬਲਵੀਰ ਸਿੰਘ ਦੀ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਜ਼ਖ਼ਮੀਆਂ ਵਿੱਚੋਂ ਦੋ ਦੀਆਂ ਲੱਤਾਂ ਟੁੱਟਣ ਦੀ ਪੁਸ਼ਟੀ ਸਥਾਨਕ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੀ ਗਈ। ਹਾਦਸੇ ਸਬੰਧੀ ਸੂਚਨਾ ਮਿਲਣ ’ਤੇ ਪੁਲੀਸ ਨੇ ਜਾਂਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।