ਪੱਤਰ ਪ੍ਰੇਰਕ
ਕੁਰਾਲੀ, 30 ਨਵੰਬਰ
ਸ਼ਹਿਰ ਦੀ ਹੱਦ ਅੰਦਰ ਕੌਮੀ ਮਾਰਗ ’ਤੇ ਬਣਦੇ ਮੇਨ ਚੌਕ ਵਿੱਚ ਬੇਕਾਬੂ ਹੋਈ ਫਾਰਚੂਨਰ ਕਾਰ ਨੇ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਕਾਰਨ ਕਈ ਵਾਹਨ ਨੁਕਸਾਨੇ ਗਏ। ਕਾਰ ਚਾਲਕ ਸਣ ਤਿੰਨ ਜਣੇ ਜਖ਼ਮੀ ਹੋ ਗਏ ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਕਾਰ ਨੂੰ ਵਰਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਮੀਆਂਪੁਰ ਚੰਗਰ ਚਲਾ ਰਿਹਾ ਸੀ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਸਣੇ ਖਰੜ ਤੋਂ ਕੁਰਾਲੀ ਵੱਲ ਨੂੰ ਆ ਰਿਹਾ ਸੀ। ਸ਼ਹਿਰ ਦੇ ਮੇਨ ਚੌਕ ਵਿੱਚ ਆ ਕੇ ਕਾਰ ਬੇਕਾਬੂ ਹੋ ਗਈ ਤੇ ਪਹਿਲਾਂ ਚੌਕ ਵਿੱਚ ਰਿਕਸ਼ਾ ਰੇਹੜੀ ਨੂੰ ਟੱਕਰ ਮਾਰ ਦਿੱਤੀ। ਇਸ ਉਪਰੰਤ ਗੱਡੀ ਦੀ ਰਫ਼ਤਾਰ ਹੋਰ ਤੇਜ਼ ਹੋ ਗਈ ਤੇ ਲਾਈਟਾਂ ’ਤੇ ਖੜ੍ਹੀ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਅਲਟੋ ਅੱਗੇ ਐਕਟਿਵਾ ਸਕੂਟਰ ਨਾਲ ਜਾ ਟਕਰਾਈ। ਇਸੇ ਦੌਰਾਨ ਫਾਰਚੂਨਰ ਨੇ ਸੜਕ ’ਤੇ ਜਾ ਰਹੀ ਇੱਕ ਲੜਕੀ ਨੂੰ ਲਪੇਟ ਵਿੱਚ ਲੈ ਲਿਆ ਤੇ ਥੋੜ੍ਹਾ ਅੱਗੇ ਜਾ ਕੇ ਇੱਕ ਮੋਟਰਸਾਈਕਲ ਨੂੰ ਦਰੜ ਦਿੱਤਾ। ਮੋਟਰਸਾਈਕਲ ਨੂੰ ਘੜੀਸਦੀ ਲਿਜਾ ਰਹੀ ਫਾਰਚੂਨਰ ਅੱਗੇ ਇਨੋਵਾ ਕਾਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਰਣਧੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਸਥਾਨਕ ਡਾਕਟਰਾਂ ਨੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਹਾਦਸੇ ਦੌਰਾਨ ਰੇਹੜੀ ਚਾਲਕ ਰਕੇਸ਼ ਕੁਮਾਰ ਅਤੇ ਫਾਰਚੂਨਰ ਚਾਲਕ ਵਰਿੰਦਰ ਵੀ ਜ਼ਖ਼ਮੀ ਹੋ ਗਏ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਫਾਰਚੂਨਰ ਚਾਲਕ ਦੀ ਕੁੱਟਮਾਰ ਵੀ ਕੀਤੀ। ਸਿਟੀ ਪੁਲੀਸ ਵਲੋਂ ਜਾਂਚ ਤੇ ਕਾਰਵਾਈ ਕੀਤੀ ਜਾ ਰਹੀ ਹੈ।
ਕਾਰ-ਆਟੋ ਹਾਦਸੇ ਵਿੱਚ ਆਟੋ ਚਾਲਕ ਹਲਾਕ
ਬਨੂੜ (ਪੱਤਰ ਪ੍ਰੇਰਕ): ਇੱਥੋਂ ਤੇਪਲਾ ਨੂੰ ਜਾਂਦੇ ਮਾਰਗ ਉੱਤੇ ਧਰਮਗੜ੍ਹ ਟੀ-ਪੁਆਇੰਟ ਨੇੜੇ ਬੀਤੀ ਸ਼ਾਮ ਕਾਰ ਅਤੇ ਥਰ੍ਹੀ ਵ੍ਹੀਲਰ ਵਿਚ ਹੋਏ ਹਾਦਸੇ ਵਿੱਚ ਆਟੋ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਆਟੋ ਚਾਲਕ ਗੁਰਨਾਮ ਸਿੰਘ (46) ਪੁੱਤਰ ਗੁਰਬਚਨ ਸਿੰਘ ਪਿੰਡ ਬਾਸਮਾਂ ਦਾ ਵਸਨੀਕ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਆਟੋ ਚਾਲਕ ਬਨੂੜ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ, ਦੂਜੇ ਪਾਸਿਓਂ ਆਉਂਦੀ ਕਾਰ ਆਟੋ ਨਾਲ ਟਕਰਾ ਗਈ। ਚਾਲਕ ਬੁਰੀ ਤਰ੍ਹਾਂ ਨੁਕਸਾਨੇ ਆਟੋ ਵਿੱਚ ਫਸ ਗਿਆ। ਰਾਹਗੀਰਾਂ ਨੇ ਉਸ ਨੂੰ ਆਟੋ ਵਿੱਚੋਂ ਕੱਢ ਕੇ ਬਨੂੜ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ।
ਸੜਕ ਹਾਦਸਿਆਂ ਦੌਰਾਨ ਦੋ ਜ਼ਖ਼ਮੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਵਾਪਰੇ ਦੋ ਸੜਕ ਹਾਦਸਿਆਂ ਦੌਰਾਨ ਦੋ ਜਣੇ ਜ਼ਖ਼ਮੀ ਹੋ ਗਏ ਹਨ। ਚੰਡੀਗੜ੍ਹ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪਹਿਲੀ ਘਟਨਾ ਪੈੱਕ ਲਾਈਟ ਪੁਆਇੰਟ ਦੇ ਨਜ਼ਦੀਕ ਵਾਪਰੀ ਹੈ। ਜਿੱਥੇ ਕਾਰ ਦੀ ਟੱਕਰ ਵੱਜਣ ਕਾਰਨ ਐਕਟਿਵਾ ਸਵਾਰ ਦੇ ਸੱਟਾਂ ਲੱਗੀਆਂ। ਪੀੜਤ ਦੀ ਪਛਾਣ ਦਾਤਾ ਪ੍ਰਸ਼ਾਦ ਵਾਸੀ ਨਵਾਂ ਗਾਓਂ ਵਜੋਂ ਹੋਈ ਹੈ। ਪੀੜਤ ਦੇ ਦੋਸਤ ਰਾਮ ਸਾਜੀਵਾਨ ਖੁਸ਼ਵਾਹਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਦੇ ਦੋਸਤ ਦੀ ਐਕਟਿਵਾ ਨੂੰ ਪੈੱਕ ਲਾਈਟ ਪੁਆਇੰਟ ’ਤੇ ਤੇਜ਼ ਰਫ਼ਤਾਰ ਕਾਰ ਚਾਲਕ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਥਾਣਾ ਸੈਕਟਰ-11 ਦੀ ਪੁਲੀਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਦੂਜੀ ਘਟਨਾ ਸਨਅਤੀ ਏਰੀਆ ਫੇਜ਼-1 ’ਚ ਗਊਸ਼ਾਲਾਂ ਦੇ ਨਜ਼ਦੀਕ ਵਾਪਰੀ ਹੈ। ਇਸ ਦੌਰਾਨ ਕਾਰ ਦੀ ਟੱਕਰ ਵੱਜਣ ਕਰ ਕੇ ਮੋਟਰਸਾਈਕਲ ਸਵਾਰ ਅਨੁਜ ਗੋਇਲ ਦੇ ਸੱਟਾਂ ਵਜੀਆਂ। ਉਸ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਥਾਣਾ ਸਨਅਤੀ ਏਰੀਆ ਦੀ ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।