ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਗਸਤ
ਸੈਕਟਰ-17 ਵਿੱਚ ਸਥਿਤ ਪੁਲੀਸ ਸਟੇਸ਼ਨ ਵਿਮੈਨ ਸੈੱਲ ਵਿੱਚ ਦੁਪਹਿਰ ਸਮੇਂ ਸ਼ਿਕਾਇਤ ਲੈ ਕੇ ਆਈ ਮਹਿਲਾ ਭੇਤਭਰੇ ਹਾਲਾਤ ਵਿੱਚ ਬੇਹੋਸ਼ ਹੋ ਗਈ ਹੈ। ਜਿਸ ਨੂੰ ਪੁਲੀਸ ਨੇ ਤੁਰੰਤ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬੇਹੋਸ਼ੀ ਕਾਰਨ ਪੁਲੀਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ। ਦੂਜੇ ਪਾਸੇ ਥਾਣਾ ਸੈਕਟਰ-17 ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਦੀ ਪਛਾਣ ਤਬਸੂਮ ਵਾਸੀ ਮਲੋਆ ਵਜੋਂ ਹੋਈ ਹੈ।
ਪੀੜਤਾ ਦੀ ਮਾਂ ਸਮਰਜੀਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 5 ਸਾਲ ਪਹਿਲਾਂ ਮਲੋਆ ਦੇ ਸਾਜਿਦ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਵੱਲੋਂ ਉਸ ਦੀ ਧੀ ਦੀ ਕੁੱਟ ਮਾਰ ਕਰਦਿਆਂ ਦਾਜ ਦੀ ਮੰਗ ਕੀਤੀ ਜਾਂਦੀ ਸੀ। ਇਸ ਸਬੰਧੀ ਉਸ ਨੇ ਪੁਲੀਸ ਨੂੰ ਪਤੀ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਜ਼ਮ ਪਤੀ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਲੜਕੀ ਨੂੰ ਰੋਜ਼ ਥਾਣੇ ਬੁਲਾ ਕੇ ਬਿਠਾ ਲੈਂਦੇ ਸਨ। ਇਸੇ ਦੇ ਚਲਦਿਆਂ ਉਸ ਨੇ ਕੋਈ ਕਥਿਤ ਜ਼ਹਿਰੀਲੀ ਵਸਤੂ ਨਿਗਲ ਲਈ ਹੈ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਥਾਣਾ ਸੈਕਟਰ-17 ਦੇ ਮੁਖੀ ਰਾਮ ਰਤਨ ਨੇ ਦੱਸਿਆ ਕਿ ਲੜਕੀ ਅਚਾਨਕ ਪੁਲੀਸ ਥਾਣੇ ਵਿੱਚ ਬੇਹੋਸ਼ ਹੋ ਗਈ ਹੈ। ਉਸ ਨੇ ਕੋਈ ਜ਼ਹਿਰੀ ਵਸਤੂ ਥਾਣੇ ਵਿੱਚ ਨਿਗਲੀ ਹੈ, ਉਸ ਬਾਰੇ ਕੁਝ ਨਹੀਂ ਪਤੀ। ਉਨ੍ਹਾਂ ਦੱਸਿਆ ਕਿ ਲੜਕੀ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚੇ ਬੇਹੋਸ਼ ਹੈ।