ਕਰਮਜੀਤ ਸਿੰਘ ਚਿੱਲਾ
ਬਨੂੜ, 25 ਜਨਵਰੀ
ਇਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਬਸੀ ਈਸੇ ਖਾਂ ਕੋਲ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਚਾਚੇ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਭਤੀਜਾ ਜ਼ਖ਼ਮੀ ਹੋ ਗਿਆ। ਮ੍ਰਿਤਕ ਕਲਪ ਨਾਥ(42) ਪੁੱਤਰ ਰਾਮ ਬਲੀ ਮੂਲ ਰੂਪ ਵਿੱਚ ਯੂਪੀ ਦਾ ਵਸਨੀਕ ਸੀ ਤੇ ਅੱਜ-ਕੱਲ੍ਹ ਆਪਣੇ ਪਰਿਵਾਰ ਸਮੇਤ ਬਨੂੜ ਦੀ ਗੋਇਲ ਕਲੋਨੀ ਵਿੱਚ ਰਹਿ ਰਿਹਾ ਸੀ। ਮ੍ਰਿਤਕ ਚਾਰ ਬੱਚਿਆਂ ਦਾ ਪਿਤਾ ਸੀ।
ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਕਲਪ ਨਾਥ ਪੱਥਰ ਅਤੇ ਟਾਈਲਾਂ ਲਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਭਤੀਜੇ ਪ੍ਰਦੀਪ ਕੁਮਾਰ ਨਾਲ ਬੀਤੀ ਰਾਤ ਨੌਂ ਵਜੇ ਮੋਟਰਸਾਈਕਲ ਉੱਤੇ ਜ਼ੀਰਕਪੁਰ ਤੋਂ ਬਨੂੜ ਨੂੰ ਆ ਰਿਹਾ ਸੀ ਕਿ ਬਸੀ ਈਸੇ ਖਾਂ ਕੋਲ ਜ਼ੀਰਕਪੁਰ ਤੋਂ ਆਉਂਦੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰੀ। ਉਨ੍ਹਾਂ ਕਿਹਾ ਕਿ ਦੋਵੇਂ ਚਾਚਾ-ਭਤੀਜਾ ਨੂੰ ਬਨੂੜ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕਲਪ ਨਾਥ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਤੇ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।