ਪੱਤਰ ਪ੍ਰੇਰਕ
ਲਾਲੜੂ, 15 ਅਕਤੂਬਰ
ਨਗਰ ਕੌਂਸਲ ਲਾਲੜੂ ਅਧੀਨ ਕਰੋੜਾਂ ਰੁਪਏ ਦੀ ਲਾਗਤ ਨਾਲ ਦੋ ਗਊਸ਼ਾਲਾਵਾਂ ਦਾ ਨਿਰਮਾਣ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਇਲਾਕੇ ਵਿਚ ਗਊਧਨ ਭੁੱਖਣ ਭਾਣਾ ਤੇ ਪਿਆਸਾ ਘੁੰਮਦਾ ਰਹਿੰਦਾ ਹੈ। ਲਾਵਾਰਿਸ ਪਸ਼ੂ ਰਾਤ ਸਮੇਂ ਜਿਥੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ, ਉਸ ਦੇ ਨਾਲ ਹੀ ਦਿਨ ਵੇਲੇ ਸ਼ਹਿਰ ਵਿਚ ਗੰਦਗੀ ਫੈਲਾਈ ਜਾ ਰਹੀ ਹੈ। ਲਾਲੜੂ ਮੰਡੀ ਦੇ ਬਾਜ਼ਾਰਾਂ, ਕਲੋਨੀਆਂ, ਮੁਹੱਲਿਆਂ ਦੀਆਂ ਸੜਕਾਂ ’ਤੇ ਵੱਡੀ ਗਿਣਤੀ ਵਿਚ ਘੁੰਮਦੇ ਲਾਵਾਰਿਸ ਪਸ਼ੂਆਂ ਤੋਂ ਦੁਕਾਨਦਾਰ ਤੇ ਲੋਕ ਬਹੁਤ ਦੁਖੀ ਹਨ। ਇਨ੍ਹਾਂ ਪਸ਼ੂਆਂ ਦੀ ਆਪਸੀ ਲੜਾਈ ਕਾਰਨ ਕਈ ਗਾਹਕਾਂ ਤੇ ਦੁਕਾਨਦਾਰਾਂ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਕਈ ਛੋਟੇ ਬੱਚੇ, ਔਰਤਾਂ ਤੇ ਬਜ਼ੁਰਗ ਵੀ ਜ਼ਖ਼ਮੀ ਹੋ ਚੁੱਕੇ ਹਨ। ਸਥਾਨਕ ਵਾਸੀਆਂ ਨੇ ਰੋਸ ਪ੍ਰਗਟਾਇਆ ਕਿ ਲਾਲੜੂ ਵਿੱਚ ਦੋ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਗਊਧੰਨ ਦੀ ਬੇਕਦਰੀ ਹੋ ਰਹੀ ਹੈ। ਨਗਰ ਕੌਂਸਲ ਲਾਲੜੂ ਦੇ ਸੈਨੇਟਰੀ ਇੰਸਪੈਕਟਰ ਗੁਲਸ਼ਨ ਕੁਮਾਰ ਨੇ ਕਿਹਾ ਕਿ ਲਾਵਾਰਿਸ ਪਸ਼ੂਆਂ ਨੁੂੰ ਫੜਨ ਲਈ ਪਟਿਆਲਾ ਤੋਂ ਵਿਸ਼ੇਸ਼ ਟੀਮ ਬੁਲਾ ਕੇ ਉਨ੍ਹਾਂ ਨੂੰ ਫੜ ਕੇ ਸਰਕਾਰੀ ਗਊਸ਼ਾਲਾ ਵਿੱਚ ਭੇਜਿਆ ਜਾਵੇਗਾ।