ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਅਗਸਤ
ਪ੍ਰਸ਼ਾਸਨ ਨੇ ਲੰਬੇ ਸਮੇਂ ਬਾਅਦ ਚੰਡੀਗੜ੍ਹ ਵਿੱਚ ਚਲਦੇ ਅਣਅਧਿਕਾਰਤ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਤੋਂ ਬਾਅਦ ਸਿੱਖਿਆ ਵਿਭਾਗ ਦੇ ਸਕੱਤਰ ਨੇ ਨਗਰ ਨਿਗਮ ਦੇ ਕਮਿਸ਼ਨਰ ਤੇ ਟਾਊਨ ਪਲਾਨਿੰਗ ਵਿਭਾਗ ਨੂੰ ਪੱਤਰ ਲਿਖ ਕੇ ਬਣਦੀ ਕਾਰਵਾਈ ਲਈ ਪੱਤਰ ਲਿਖਿਆ ਹੈ। ਵਿਭਾਗ ਵਲੋਂ ਪਹਿਲਾਂ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਨਾਲ ਦੇ ਸਰਕਾਰੀ ਸਕੂਲਾਂ ਵਿਚ ਤਬਦੀਲ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਇਸ ਤੋਂ ਇਲਾਵਾ ਵਿਭਾਗ ਨੇ ਕਈ ਸਕੂਲਾਂ ਵਿੱਚ ਡਬਲ ਸ਼ਿਫਟ ਕਰਨ ਦੀ ਵੀ ਯੋਜਨਾ ਤਿਆਰ ਕਰ ਲਈ ਹੈ।
ਜਾਣਕਾਰੀ ਅਨੁਸਾਰ ਇਸ ਵੇਲੇ ਸ਼ਹਿਰ ਵਿਚ 80 ਦੇ ਕਰੀਬ ਅਣਅਧਿਕਾਰਤ ਸਕੂਲ ਚੱਲ ਰਹੇ ਹਨ ਜਿਨ੍ਹਾਂ ਵਿਚ 25 ਹਜ਼ਾਰ ਦੇ ਕਰੀਬ ਵਿਦਿਆਰਥੀ ਪੜ੍ਹ ਰਹੇ ਹਨ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਸ਼ਹਿਰ ਵਿਚ 92 ਸਕੂਲ ਸਨ ਜਿਨ੍ਹਾਂ ਵਲੋਂ ਨਿਯਮਾਂ ਦੀ ਪਾਲਣਾ ਨਾ ਕਰਕੇ ਬੱਚਿਆਂ ਨੂੰ ਦਾਖਲਾ ਦਿੱਤਾ ਗਿਆ ਸੀ ਪਰ ਸਿੱਖਿਆ ਵਿਭਾਗ ਵਲੋਂ ਜਾਂਚ ਕਰਨ ਤੋਂ ਬਾਅਦ ਕਈ ਸਕੂਲ ਪ੍ਰਬੰਧਕਾਂ ਨੇ ਆਪਣੇ ਸਕੂਲਾਂ ਨੂੰ ਆਪ ਹੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਵਿਭਾਗ ਦੇ ਰਿਕਾਰਡ ਤੋਂ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਅਣਅਧਿਕਾਰਤ ਸਕੂਲ ਖੁੱਡਾ ਅਲੀ ਸ਼ੇਰ, ਖੁੱਡਾ ਜੱਸੂ, ਡੱਡੂਮਾਜਰਾ, ਮਲੋਆ, ਰਾਮ ਦਰਬਾਰ, ਹੱਲੋਮਾਜਰਾ, ਧਨਾਸ, ਸੈਕਟਰ-44, ਬੁੜੈਲ, ਸੈਕਟਰ 52, ਕਜਹੇੜੀ, ਬੁਟਰੇਲਾ, ਰਾਏਪੁਰ ਖੁਰਦ, ਬਹਿਲਾਣਾ, ਦੜੂਆ, ਮਨੀਮਾਜਰਾ ਤੇ ਮੌਲੀ ਜੱਗਰਾਂ ਵਿੱਚ ਹਾਲੇ ਵੀ ਚਲ ਰਹੇ ਹਨ। ਇਨ੍ਹਾਂ ਸਕੂਲਾਂ ਕੋਲ ਨਾ ਤਾਂ ਖੇਡ ਮੈਦਾਨ ਹਨ ਤੇੇ ਇਨ੍ਹਾਂ ਤਕ ਪਹੁੰਚ ਮਾਰਗ ਤੰਗ ਹੈ। ਇਨ੍ਹਾਂ ਕੋਲ ਸਾਇੰਸ ਪ੍ਰਯੋਗਸ਼ਾਲਾਵਾਂ ਤੇ ਆਧਾਰੀ ਢਾਂਚੇ ਦੀ ਅਣਹੋਂਦ ਹੈ। ਸਿੱਖਿਆ ਦਾ ਅਧਿਕਾਰ ਅਨੁਸਾਰ ਅਣਅਧਿਕਾਰਤ ਸਕੂਲਾਂ ਨੂੰ ਪ੍ਰਤੀ ਦਿਨ ਦਸ ਹਜ਼ਾਰ ਰੁਪਏ ਤਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਇਹ ਜੁਰਮਾਨਾ ਇਕ ਲੱਖ ਤੋਂ ਵੱਧ ਵੀ ਹੋ ਸਕਦਾ ਹੈ।
ਜੇਈਜ਼ ਕੋਲੋਂ ਰਿਪੋਰਟ ਮੰਗੀ: ਯੂਟੀ ਸਕੱਤਰੇਤ ਅਨੁਸਾਰ ਨਗਰ ਨਿਗਮ ਦੇ ਅੱਠ ਜੇਈਜ਼ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਹ ਆਪਣੇ-ਆਪਣੇ ਖੇਤਰ ਦੀ ਆਬਾਦੀ ਵਿਚ ਚਲਦੇ ਅਣਅਧਿਕਾਰਤ ਸਕੂਲਾਂ ਦੀ ਰਿਪੋਰਟ ਬਣਾਉਣ। ਉਹ ਇਹ ਵੀ ਦੇਖਣ ਕਿ ਜੇ ਇਨ੍ਹਾਂ ਸਕੂਲਾਂ ਤੋਂ ਇਲਾਵਾ ਹੋਰ ਵੀ ਸਕੂਲ ਹਨ ਤਾਂ ਉਨ੍ਹਾਂ ਦੀ ਵੀ ਰਿਪੋਰਟ ਵਿਭਾਗ ਨੂੰ ਦਿੱਤੀ ਜਾਵੇ। ਇਹ ਰਿਪੋਰਟ ਇਕ ਹਫਤੇ ਤਕ ਦੇਣ ਲਈ ਕਿਹਾ ਗਿਆ ਹੈ।
ਵਿਦਿਆਰਥੀ-ਅਧਿਆਪਕ ਅਨੁਪਾਤ ਵਿਗੜਨ ਦਾ ਖ਼ਦਸ਼ਾ
ਇਕ ਸੀਨੀਅਰ ਅਧਿਕਾਰੀ ਅਨੁਸਾਰ ਸਿੱਖਿਆ ਵਿਭਾਗ ਵਲੋਂ ਇਨ੍ਹਾਂ ਅਣਅਧਿਕਾਰਤ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਨਾਲ ਦੇ ਸਕੂਲਾਂ ਵਿਚ ਐਡਜਸਟ ਕਰਨ ਦੀ ਯੋਜਨਾ ਹੈ ਪਰ ਅਜਿਹਾ ਕਰਨ ਨਾਲ ਰਾਈਟ-ਟੂ-ਐਜੂਕੇਸ਼ਨ ਅਨੁਸਾਰ ਵਿਦਿਆਰਥੀ-ਅਧਿਆਪਕ ਅਨੁਪਾਤ ਗੜ੍ਹਬੜਾ ਜਾਵੇਗਾ। ਆਰਟੀਈ ਅਨੁਸਾਰ ਇਕ ਅਧਿਆਪਕ 40 ਵਿਦਿਆਰਥੀਆਂ ਨੂੰ ਹੀ ਪੜ੍ਹਾ ਸਕਦਾ ਹੈ। ਜੇਕਰ ਵਿਭਾਗ ਇਨ੍ਹਾਂ ਵਿਦਿਆਰਥੀਆਂ ਨੂੰ ਐਡਜਸਟ ਕਰਨ ਲਈ ਸਕੂਲਾਂ ਨੂੰ ਡਬਲ ਸ਼ਿਫਟ ਕਰਦਾ ਹੈ ਤਾਂ ਵਿਭਾਗ ਨੂੰ ਇਨ੍ਹਾਂ ਸਕੂਲਾਂ ਵਿਚ ਹੋਰ ਅਧਿਆਪਕ ਨਿਯੁਕਤ ਕਰਨੇ ਪੈਣਗੇ ਜਦਕਿ ਸਕੂਲਾਂ ਵਿਚ ਪਹਿਲਾਂ ਹੀ ਅਧਿਆਪਕਾਂ ਦੀ ਕਮੀ ਚਲ ਰਹੀ ਹੈ। ਸਿੱਖਿਆ ਸਕੱਤਰ ਨੇ ਦੱਸਿਆ ਕਿ ਅਣਅਧਿਕਾਰਤ ਸਕੂਲਾਂ ਨੂੰ ਬੰਦ ਕਰਨ ਦੀ ਤਿਆਰੀ ਹੈ ਪਰ ਇਨ੍ਹਾਂ ਨੂੰ ਬੰਦ ਕਰਨ ਲਈ ਪਹਿਲਾਂ ਹੋਰ ਸਕੂਲ ਉਸਾਰੇ ਜਾਣਗੇ ਤੇ ਇਨ੍ਹਾਂ ਵਿਚ ਨੇੜਲੇ ਵਿਦਿਆਰਥੀਆਂ ਨੂੰ ਸ਼ਿਫਟ ਕੀਤਾ ਜਾਵੇਗਾ।