ਮਿਹਰ ਸਿੰਘ
ਕੁਰਾਲੀ, 1 ਨਵੰਬਰ
ਇਥੇ ਆਤਿਸ਼ਬਾਜ਼ੀ ਦੀਆਂ ਅਣਅਧਿਕਾਰਤ ਦੁਕਾਨਾਂ ਖੋਲ੍ਹਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਨੇ ਸ਼ਿਕੰਜਾ ਕੱਸ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਨਗਰ ਕੌਂਸਲ ਨੇ ਬਡਾਲੀ ਰੋਡ ਉੱਤੇ ਬਿਨਾਂ ਲਾਇਸੈਂਸ ਤੋਂ ਖੋਲ੍ਹੀਆਂ ਆਤਿਸ਼ਬਾਜ਼ੀ ਦੀਆਂ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਸ਼ਹਿਰ ਦੀ ਬਡਾਲੀ ਰੋਡ ਆਤਿਸ਼ਬਾਜ਼ੀ ਦੀ ਵੱਡੀ ਮਾਰਕੀਟ ਬਣ ਚੁੱਕੀ ਹੈ। ਦੀਵਾਲੀ ਦਾ ਤਿਊਹਾਰ ਨੇੜੇ ਆਉਣ ਨਾਲ ਆਤਿਸ਼ਬਾਜ਼ੀ ਦੀਆਂ ਦੁਕਾਨਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾਂਦੀ ਹੈ।
ਇਸੇ ਦੌਰਾਨ ਐੱਸਡੀਐੱਮ ਖਰੜ ਵੱਲੋਂ ਸ਼ਹਿਰ ਦੀ ਮੋਰਿੰਡਾ ਰੋਡ ਅਤੇ ਬਡਾਲੀ ਰੋਡ ’ਤੇ ਆਤਿਸ਼ਬਾਜ਼ੀ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਅਧਿਕਾਰੀਆਂ ਦੀ ਆਮਦ ਦੀ ਸੂਚਨਾ ਮਿਲਣ ’ਤੇ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਚਲੇ ਸਨ। ਪ੍ਰਸ਼ਾਸਨ ਦੀ ਟੀਮ ਦੇ ਦੌਰੇ ਮਗਰੋਂ ਸਥਾਨਕ ਨਗਰ ਕੌਂਸਲ ਦੀ ਟੀਮ ਨੇ ਅਣਅਧਿਕਾਰਿਤ ਦੁਕਾਨਾਂ ਨੂੰ ਸੀਲ ਕਰਨ ਦੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ।
ਪਟਾਕੇ ਵੇਚਣ ਲਈ ਲਾਇਸੈਂਸ ਲੈਣਾ ਜ਼ਰੂਰੀ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵੀਕੇ ਜੈਨ ਨੇ ਦੱਸਿਆ ਕਿ ਉਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਬਡਾਲੀ ਮਾਰਗ ’ਤੇ ਕੁਝ ਦੁਕਾਨਦਾਰਾਂ ਨੇ ਅਣਅਧਿਕਾਰਤ ਤੌਰ ’ਤੇ ਆਤਿਸ਼ਬਾਜ਼ੀ ਭੰਡਾਰ ਕੀਤੀ ਹੋਈ ਹੈ ਤੇ ਇਸੇ ਦੋਸ਼ ਤਹਿਤ ਦੋ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਇਕ ਦੁਕਾਨਦਾਰ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਦੂਜੇ ਦੁਕਾਨਦਾਰ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਤਿਸ਼ਬਾਜ਼ੀ ਵੇਚਣ ਵਾਲਿਆਂ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ ਤਾਂ ਹੀ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਲ ਕੀਤੀਆਂ ਗਈਆਂ ਦੋਵੇਂ ਦੁਕਾਨਾਂ ਸਬੰਧੀ ਉਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।