ਪੱਤਰ ਪ੍ਰੇਰਕ
ਕੁਰਾਲੀ,12 ਨਵੰਬਰ
ਅਣ-ਅਧਿਕਾਰਿਤ ਤੌਰ ’ਤੇ ਆਤਿਸ਼ਬਾਜ਼ੀ ਦੀਆਂ ਦੁਕਾਨਾਂ ਖੋਲ੍ਹਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਅੱਜ ਪ੍ਰਸ਼ਾਸਨ ਦੀ ਟੀਮ ਨੇ ਸ਼ਹਿਰ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਹਦਾਇਤਾਂ ਦੀ ਪਾਲਣਾ ਕਰਦਿਆਂ ਬਡਾਲੀ ਰੋਡ ’ਤੇ ਬਗੈਰ ਲਾਇਸੈਂਸ ਤੋਂ ਖੋਲ੍ਹੀਆਂ ਆਤਿਸ਼ਬਾਜ਼ੀ ਦੀਆਂ ਕਈ ਦੁਕਾਨਾਂ ਸੀਲ ਕਰ ਦਿੱਤੀਆਂ।
ਆਤਿਸ਼ਬਾਜ਼ੀ ਦੀ ਵੱਡੀ ਮੰਡੀ ਵਜੋਂ ਜਾਣੇ ਜਾਂਦੇ ਸ਼ਹਿਰ ਦੀ ਮੋਰਿੰਡਾ ਰੋਡ ਅਤੇ ਬਡਾਲੀ ਰੋਡ ’ਤੇ ਆਤਿਸ਼ਬਾਜ਼ੀ ਮਾਰਕੀਟ ਬਣ ਚੁੱਕੀਆਂ ਹਨ। ਸ਼ਹਿਰ ਵਿੱਚ ਕੁਝ ਕੁ ਲਾਇਸੈਂਸਧਾਰਕ ਆਤਿਸ਼ਬਾਜ਼ੀ ਵਪਾਰੀ ਹੋਣ ਦੇ ਬਾਵਜੂਦ ਸੈਂਕੜੇ ਦੁਕਾਨਾਂ ’ਤੇ ਆਤਿਸ਼ਬਾਜ਼ੀ ਦਾ ਵਪਾਰ ਕੀਤਾ ਜਾਂਦਾ ਹੈ। ਪ੍ਰਸ਼ਾਸਨ ਗੈਰਕਾਨੂੰਨੀ ਤੌਰ ’ਤੇ ਆਤਿਸ਼ਬਾਜ਼ੀ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਇਸ ਰੁਝਾਨ ਨੂੰ ਨੱਥ ਪਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਇਆ ਹੈ। ਇਸ ਕਾਰਨ ਹੀ ਸ਼ਹਿਰ ਦੀ ਬਡਾਲੀ ਰੋਡ ਆਤਿਸ਼ਬਾਜ਼ੀ ਦੀ ਮਾਰਕੀਟ ਵਜੋਂ ਉੱਭਰ ਚੁੱਕੀ ਹੈ ਜਦਕਿ ਇਹ ਇਲਾਕਾ ਰਿਹਾਇਸ਼ੀ ਕਲੋਨੀਆਂ ਦੇ ਬਿਲਕੁਲ ਨਾਲ ਲੱਗਦਾ ਹੋਣ ਦੇ ਨਾਲ ਹੀ ਰੇਲਵੇ ਦਾ ਬਿਜਲੀ ਗਰਿੱਡ ਵੀ ਇਸ ਸੜਕ ’ਤੇ ਹੀ ਹੈ।
ਐੱਸਡੀਐੱਮ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਪ੍ਰਸ਼ਾਸਨ ਦੀ ਟੀਮ ਸ਼ਹਿਰ ਪੁੱਜਣ ਦੀ ਭਿਣਕ ਲੱਗਦਿਆਂ ਹੀ ਵਧੇਰੇ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਖਿਸਕ ਗਏ। ਇਸੇ ਦੌਰਾਨ ਜੈਨ ਨੇ ਖੁੱਲ੍ਹੀਆਂ ਦੁਕਾਨਾਂ ਦੇ ਲਾਇਸੈਂਸ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ, ਜਿਸ ਉਪਰੰਤ ਉਨ੍ਹਾਂ ਕੌਂਸਲ ਦੀ ਟੀਮ ਨੂੰ ਅਣ-ਅਧਿਕਾਰਿਤ ਦੁਕਾਨਾਂ ਨੂੰ ਸੀਲ ਕਰਨ ਦੀ ਹਦਾਇਤ ਕੀਤੀ। ਪ੍ਰਸ਼ਾਸਨ ਦੀ ਟੀਮ ਦੇ ਦੌਰੇ ਤੋਂ ਬਾਅਦ ਹਰਕਤ ਵਿੱੱਚ ਆਉਂਦਿਆਂ ਸਥਾਨਕ ਨਗਰ ਕੌਂਸਲ ਦੀ ਟੀਮ ਨੇ ਕਾਰਵਾਈ ਕਰਦਿਆਂ ਕਰੀਬ ਡੇਢ ਦਰਜਨ ਅਣ-ਅਧਿਕਾਰਿਤ ਦੁਕਾਨਾਂ ਨੂੰ ਸੀਲ ਕਰ ਦਿੱਤਾ।
ਐੱਸਡੀਐੱਮ ਹਿਮਾਂਸ਼ੂ ਜੈਨ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਆਮ ਲੋਕਾਂ ਦੀ ਸੁਰੱਖਿਆ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਜਾਂਚ ਦੌਰਾਨ ਕਈ ਦੁਕਾਨਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਗਏ ਹਨ ਜਦਕਿ ਇਹ ਕਾਰਵਾਈ ਜਾਰੀ ਰਹੇਗੀ।