ਪੱਤਰ ਪ੍ਰੇਰਕ
ਚੰਡੀਗੜ੍ਹ, 13 ਮਾਰਚ
ਯੂ.ਟੀ. ਚੰਡੀਗੜ੍ਹ ਦੇ ਪਿੰਡ ਕੈਂਬਵਾਲਾ ਵਿਖੇ ਛਿੰਝ ਕਮੇਟੀ ਅਤੇ ਪਰਵਾਸੀ ਭਾਰਤੀਆਂ ਵੱਲੋਂ ਲਾਲਾਂ ਵਾਲੇ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਵਿਸ਼ਾਲ ਕੁਸ਼ਤੀ ਕਰਵਾਈ ਗਈ। ਇਸ ਵਿੱਚ ਵਿੱਚ ਪੰਜਾਬ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਦੇ 120 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਜੋੜੇ ਬਣਾਉਣ ਦੀ ਭੂਮਿਕਾ ਬਾਬਾ ਦੀਪਾ ਬਾਬਾ ਫਲਾਹੀ, ਸੰਤ ਡੂਮਛੇੜੀ ਨੇ ਬਾਖੂਬੀ ਨਿਭਾਈ, ਰੈਫ਼ਰੀ ਦੀ ਭੂਮਿਕਾ ਰਾਜਾ ਪਹਿਲਵਾਨ ਨੇ ਨਿਭਾਈ। ਕੁਮੈਂਟਰੀ ਕੁਲਵੀਰ ਕਾਈਨੌਰ ਅਤੇ ਸ਼ਿਵ ਬੈਂਸ ਵੱਲੋਂ ਲੱਛੇਦਾਰ ਬੋਲਾਂ ਨਾਲ ਕੀਤੀ ਗਈ। ਜੋਗਿੰਦਰ ਸਿੰਘ ਪੱਪੀ, ਹਰਮੇਸ਼ ਸਾਬਕਾ ਸਰਪੰਚ, ਸ਼ੇਰ ਸਿੰਘ ਪ੍ਰਧਾਨ ਅਤੇ ਸੁਰਜੀਤ ਸਿੰਘ ਤੰਗਰਾਲਾ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਉਮੇਸ਼ ਮਥੁਰਾ ਅਤੇ ਭੁਪਿੰਦਰ ਅਜਨਾਲਾ ਦਰਮਿਆਨ ਹੋਈ ਜਿਸ ਵਿੱਚ ਉਮੇਸ਼ ਮਥੁਰਾ ਨੇ ਭੁਪਿੰਦਰ ਅਜਨਾਲਾ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ’ਤੇ ਕਬਜ਼ਾ ਕੀਤਾ। ਝੰਡੀ ਦੀ ਕੁਸ਼ਤੀ ਦੇ ਵਿਜੇਤਾ ਨੂੰ ਦੀਪ ਪਰਿਵਾਰ ਵੱਲੋਂ ਝੋਟੀ ਨਾਲ ਸਨਮਾਨਿਤ ਕੀਤਾ ਗਿਆ। ਦੂਜੀ ਝੰਡੀ ਦੀ ਕੁਸ਼ਤੀ ਨਵਪ੍ਰੀਤ ਖੰਨਾ ਅਤੇ ਕੁਲੂਆ ਗੁੱਜਰ ਦਰਮਿਆਨ ਬਰਾਬਰ ਰਹੀ।