ਹਰਜੀਤ ਸਿੰਘ
ਡੇਰਾਬੱਸੀ, 12 ਸਤੰਬਰ
ਇੱਥੋਂ ਨੇੜਲੇ ਪਿੰਡ ਅਮਲਾਲਾ ਦੇ ਦੋ ਨੌਜਵਾਨਾਂ ਨੇ ਪਿੰਡ ਜਨੇਤਪੁਰ ਵਾਸੀ 15 ਦੇ ਕਰੀਬ ਨੌਜਵਾਨਾਂ ’ਤੇ ਕਥਿਤ ਨਿੱਜੀ ਰੰਜਿਸ਼ ਤਹਿਤ ਉਨ੍ਹਾਂ ਨੂੰ ਅਗਵਾ ਕਰ ਕੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਦੋਵੇਂ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ। ਇਸ ਸਬੰਧੀ ਪੀੜਤ ਸ਼ਮਸ਼ੇਰ ਅਲੀ ਅਤੇ ਜਸਬੀਰ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨਿਚਰਵਾਰ ਰਾਤ ਪਿੰਡ ਜਨੇਤਪੁਰ ਦੇ ਕਰੀਬ 15 ਨੌਜਵਾਨ ਅਗਵਾ ਕਰ ਕੇ ਲੈ ਗਏ ਸਨ। ਅੱਧੀ ਰਾਤ ਤੱਕ ਖੇਤਾਂ ਵਿੱਚ ਬੰਦੀ ਬਣਾ ਕੇ ਕੁੱਟਮਾਰ ਮਗਰੋਂ ਨੈਕਟਰ ਫੈਕਟਰੀ ਕੋਲ ਬੰਦੀ ਬਣਾ ਕੇ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਅਗਵਾਕਾਰਾਂ ਨੇ ਉਨ੍ਹਾਂ ਦੇ ਗੁਪਤ ਅੰਗਾਂ ਵਿੱਚ ਬੋਤਲ ਅਤੇ ਡੰਡੇ ਪਾ ਕੇ ਤਸ਼ੱਦਦ ਢਾਹਿਆ। ਉਨ੍ਹਾਂ ਨੂੰ ਤਕਰੀਬਨ 15 ਘੰਟੇ ਬੰਦੀ ਬਣਾ ਕੇ ਕੁੱਟਿਆ ਗਿਆ। ਉਨ੍ਹਾਂ ਦੇ ਘਰ ਨਾ ਪੁੱਜਣ ’ਤੇ ਪਰਿਵਾਰ ਨੇ ਭਾਲ ਕੀਤੀ ਤੇ ਨਾ ਮਿਲਣ ’ਤੇ ਪੁਲੀਸ ਨੂੰ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਮਾਮਲਾ ਵਧਦਾ ਦੇਖ ਕੇ ਅਗਵਾਕਾਰਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਰੀ ਵਾਰਦਾਤ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਣ ਦੇ ਬਾਵਜੂਦ ਪੁਲੀਸ ਕਾਰਵਾਈ ਦੀ ਥਾਂ ’ਤੇ ਸਮਝੌਤੇ ਲਈ ਦਬਾਅ ਬਣਾ ਰਹੀ ਹੈ।
ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਾਂਗੇ: ਡੀਐੱਸਪੀ
ਥਾਣਾ ਮੁਖੀ ਜਸਕੰਵਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐੱਸਪੀ ਡੇਰਾਬੱਸੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਾਮਲੇ ਵਿੱਚ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ। ਜਾਂਚ ਮਗਰੋਂ ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।