ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਸਤੰਬਰ
ਚੰਡੀਗੜ੍ਹ ਪੁਲੀਸ ਨੇ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਸੈਕਟਰ-25 ਦੇ ਸ਼ਮਸ਼ਾਨਘਾਟ ਨੇੜਿਓਂ ਦੋ ਨੌਜਵਾਨਾਂ ਨੂੰ 500-500 ਰੁਪਏ ਦੇ 80 ਨਕਲੀ ਨੋਟਾਂ (40 ਹਜ਼ਾਰ ਰੁਪਏ) ਅਤੇ ਦੋ ਕਮਾਨੀਦਾਰ ਚਾਕੂਆਂ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਸ਼ਵਨੀ ਵਾਸੀ ਸੈਕਟਰ-7 ਬੀ ਅਤੇ ਸੁਭਾਸ਼ ਵਾਸੀ ਸੈਕਟਰ-25 ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਸੈਕਟਰ-11 ਦੀ ਪੁਲੀਸ ਨੇ ਕੀਤੀ ਹੈ ਤੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਵੇਰੇ 1.30 ਵਜੇ ਦੇ ਕਰੀਬ ਸੈਕਟਰ-25 ਸ਼ਮਸ਼ਾਨਘਾਟ ਦੇ ਨਜ਼ਦੀਕ ਛਾਪਾ ਮਾਰਿਆ ਜਿੱਥੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਦੋਵਾਂ ਦੀ ਤਲਾਸ਼ੀ ਲੈਣ ’ਤੇ ਅਸ਼ਵਨੀ ਕੋਲੋਂ 500-500 ਰੁਪਏ ਦੇ 80 ਨਕਲੀ ਨੋਟ ਅਤੇ ਕਮਾਨੀਦਾਰ ਚਾਕੂ ਬਰਾਮਦ ਕੀਤਾ। ਇਸੇ ਤਰ੍ਹਾਂ ਸੁਭਾਸ਼ ਕੋਲੋਂ ਇੱਕ ਕਮਾਨੀਦਾਰ ਚਾਕੂ ਬਰਾਮਦ ਹੋਇਆ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਕੁਝ ਸਾਹਮਣੇ ਨਹੀਂ ਆ ਸਕਿਆ ਹੈ। ਮੁਲਜ਼ਮ ਅਸ਼ਵਨੀ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਹੈ।