ਕੁਲਦੀਪ ਸਿੰਘ
ਚੰਡੀਗੜ੍ਹ, 3 ਮਾਰਚ
ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਜੰਗੀ ਕਾਰਵਾਈ ਜਾਰੀ ਹੈ ਤੇ ਇਸ ਦੌਰਾਨ ਯੂਕਰੇਨ ਵਿੱਚ ਫਸੇ ਤਿੰਨ ਨੌਜਵਾਨ, ਜਿਨ੍ਹਾਂ ਵਿੱਚ ਇਕ ਮੁਟਿਆਰ ਵੀ ਸ਼ਾਮਲ ਹੈ, ਅੱਜ ਚੰਡੀਗੜ੍ਹ ਪਰਤ ਆਏ ਹਨ। ਆਪਣੇ ਬੱਚਿਆਂ ਦੇ ਘਰ ਪਹੁੰਚਦਿਆਂ ਸਾਰ ਹੀ ਮਾਪਿਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।
ਇਥੋਂ ਦੇ ਸੈਕਟਰ 20-ਸੀ ਵਿੱਚ ਯੂਕਰੇਨ ਤੋਂ ਆਪਣੇ ਘਰ ਪਹੁੰਚੀ ਸ਼ੈਲੀ ਨਾਂ ਦੀ ਵਿਦਿਆਰਥਣ ਨੇ ਦੱਸਿਆ ਕਿ ਉਹ ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਅਤੇ ਚੌਥੇ ਸਾਲ ਦੀ ਵਿਦਿਆਰਥਣ ਸੀ। ਰੂਸ ਤੇ ਯੂਕਰੇਨ ਦੀ ਜੰਗ ਕਾਰਨ ਉਸ ਦੀ ਪੜ੍ਹਾਈ ਫਿਲਹਾਲ ਵਿਚਾਲੇ ਛੁੱਟ ਗਈ ਹੈ। ਸ਼ੈਲੀ ਦੇ ਨਾਲ ਹੀ ਚੰਡੀਗੜ੍ਹ ਪਹੁੰਚੇ ਮੁਹਾਲੀ ਦੇ ਸੈਕਟਰ 125 ਵਾਸੀ ਸੌਰਵ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਖੇਤਰ ਦਾ ਵਸਨੀਕ ਹੈ। ਸੌਰਭ ਵੀ ਐੱਮਬੀਬੀਐੱਸ ਦੇ ਚੌਥੇ ਸਾਲ ਦਾ ਵਿਦਿਆਰਥੀ ਸੀ। ਇਸੇ ਤਰ੍ਹਾਂ ਸੈਕਟਰ 35 ਵਾਸੀ ਸ਼ੁਭਮ ਵੀ ਅੱਜ ਆਪਣੇ ਘਰ ਪਰਤਿਆ ਜੋ ਕਿ ਯੂਕਰੇਨ ਵਿੱਚ ਸੈਲੂਨ ਚਲਾਉਂਦਾ ਸੀ।
ਹੰਗਰੀ ਵਾਸੀ ਮਦਦ ਲਈ ਬਹੁੜੇ: ਸ਼ੈਲੀ ਅਤੇ ਸੌਰਭ ਨੇ ਯੂਕਰੇਨ ਦੇ ਹਾਲਾਤ ਬਾਰੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਜੰਗ ਬਾਰੇ ਪਤਾ ਲੱਗਾ ਤਾਂ 24 ਫ਼ਰਵਰੀ ਨੂੰ ਉਹ ਫਲਾਈਟ ਲੈ ਕੇ ਇੰਡੀਆ ਵਾਪਸ ਆਉਣ ਲਈ ਤਿਆਰ ਸਨ। ਇਸੇ ਦੌਰਾਨ ਹਵਾਈ ਅੱਡੇ ਉੱਤੇ ਰੂਸੀ ਹਮਲੇ ਕਾਰਨ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਉਹ ਯੂੁਕਰੇਨ ਹੀ ਫਸ ਗਏ। ਰਾਜਧਾਨੀ ਕੀਵ ਤੋਂ ਰੇਲ ਗੱਡੀ ਰਾਹੀਂ ਉਹ ਲਬੀਬ ਪਹੁੰਚੇ ਜਿੱਥੇ ਚਾਰ ਦਿਨ ਬਿਤਾਉਣ ਮਗਰੋਂ ਉਹ ਪੋਲੈਂਡ ਦੇ ਬਾਰਡਰ ਉੱਤੇ ਪਹੁੰਚੇ ਤਾਂ ਕਿ ਭਾਰਤ ਰਵਾਨਾ ਹੋ ਸਕਣ। ਪੋਲੈਂਡ ਬਾਰਡਰ ਉੱਤੇ ਭਾਰਤੀਆਂ ਨਾਲ ਠੀਕ ਵਿਵਹਾਰ ਨਾ ਹੋਣ ਕਰਕੇ ਉਹ ਫਿਰ ਹੰਗਰੀ ਦੇ ਬਾਰਡਰ ਪਹੁੰਚੇ ਅਤੇ ਬੁੱਡਾਪੈਸਟ ਰੁਕੇ। ਬੁੱਡਾਪੈਸਟ ਵਿੱਚ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਅਤੇ ਖਾਣਾ ਤੇ ਰਿਹਾਇਸ਼ ਮੁਹੱਈਆ ਕਰਵਾਈ ਜਿਸ ਉਪਰੰਤ ਅੱਜ ਉਹ ਆਪਣੇ ਘਰ ਪਹੁੰਚਣ ਵਿੱਚ ਕਾਮਯਾਬ ਹੋਏ। ਸ਼ੈਲੀ ਨੇ ਉਮੀਦ ਕੀਤੀ ਕਿ ਜਲਦੀ ਹੀ ਯੂਕਰੇਨ ਦੇ ਹਾਲਾਤ ਠੀਕ ਹੋਣ ਤਾਂ ਜੋ ਉਹ ਉਥੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ ਸਕੇ।
ਪੰਚਕੂਲਾ ਜ਼ਿਲ੍ਹੇ ਦੇ 15 ਵਿਦਿਆਰਥੀ ਯੂਕਰੇਨ ਵਿੱਚ ਫਸੇ
ਪੰਚਕੂਲਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਨੇ ਦੱਸਿਆ ਕਿ ਪੰਚਕੂਲਾ ਜ਼ਿਲ੍ਹੇ ਦੇ 27 ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਸਨ ਜਿਨ੍ਹਾਂ ਵਿੱਚੋਂ 12 ਵਿਦਿਆਰਥੀ ਭਾਰਤ ਆ ਗਏ ਹਨ। ਪ੍ਰਸ਼ਾਸਨ ਨੇ 15 ਵਿਦਿਆਰਥੀਆਂ ਦੇ ਮਾਪਿਆਂ ਨਾਲ ਸੰਪਕਰ ਬਣਾਇਆ ਹੋਇਆ ਹੈ। ਯੂਕਰੇਨ ਵਿੱਚ ਫਸੇ ਹਰਿਆਣਾ ਦੇ ਵਿਦਿਆਰਥੀਆਂ ਦੀ ਮਦਦ ਲਈ ਸਰਕਾਰ ਨੇ ਰਾਜ ਪੱਧਰੀ ਕੰਟਰੋਲ ਰੂਮ ਬਣਾਇਆ ਹੈ ਤੇ ਫਰੀਦਾਬਾਦ ਮੰਡਲ ਦੇ ਕਮਿਸ਼ਨਰ ਸੰਜੇ ਨੂੰ ਨੋਡਲ ਅਧਿਕਾਰੀ ਬਣਾਇਆ ਹੈ। ਇਹ ਕੰਟਰੋਲ ਰੂਪ 24 ਘੰਟੇ ਕੰਮ ਕਰਦਾ ਹੈ ਅਤੇ ਯੂਕਰੇਨ ਵਿੱਚ ਫਸੇ ਹੋਏ ਵਿਦਿਆਰਥੀਆਂ ਨਾਲ ਸੰਪਰਕ ਬਣਾ ਰਿਹਾ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਯੂਕਰੇਨ ਤੋਂ ਪਰਤੀ ਐੱਮਬੀਬੀਐੱਸ ਦੀ ਵਿਦਿਆਰਥਣ ਇਛਿਕਾ ਭੁਟਾਨੀ ਨੇ ਅੱਜ ਪਰਿਵਾਰ ਸਮੇਤ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਮੁਲਾਕਾਤ ਕੀਤੀ ਅਤੇ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਦਾ ਧੰਨਵਾਦ ਕੀਤਾ। ਉਹ ਅੰਬਾਲਾ ਛਾਉਣੀ ਦੇ ਕੱਚਾ ਬਾਜ਼ਾਰ ਦੀ ਵਸਨੀਕ ਹੈ। ਇਛਿਕਾ ਨੇ ਦੱਸਿਆ ਕਿ ਉਹ ਯੂਕਰੇਨ ਦੇ ਨਿਤਿਸਿਆ ਸ਼ਹਿਰ ਵਿਚ ਪੜ੍ਹ ਰਹੀ ਸੀ। ਉੱਥੇ ਦੇਸ਼ ਦੇ ਕਰੀਬ 2 ਹਜ਼ਾਰ ਨਾਗਰਿਕ ਵਸਦੇ ਹਨ। ਜਦੋਂ ਜੰਗ ਛਿੜੀ ਤਾਂ ਉਹ ਹੋਰ ਵਿਦਿਆਰਥੀਆਂ ਨਾਲ ਰੋਮਾਨੀਆ ਬਾਰਡਰ ਲਈ ਚੱਲ ਪਈ। ਰੋਮਾਨੀਆ ਬਾਰਡਰ ’ਤੇ ਭਾਰਤ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਸਨ। ਉਹ ਦੋ ਦਿਨ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਦੇ ਸ਼ੈਲਟਰ ਹੋਮ ਵਿੱਚ ਰਹੇ ਅਤੇ ਫਿਰ ਉਨ੍ਹਾਂ ਨੂੰ ਪਹਿਲੀ ਮਾਰਚ ਨੂੰ ਭਾਰਤ ਲਿਆਂਦਾ ਗਿਆ। ਇਛਿਕਾ ਦੇ ਪਿਤਾ ਵਿਨੈ ਭੁਟਾਨੀ ਨੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ।
ਯੂਕਰੇਨ ਤੋਂ ਪਰਤੇ ਨੌਜਵਾਨ ਨੂੰ ਭਾਰਤੀ ਦੂਤਾਵਾਸ ਖ਼ਿਲਾਫ਼ ਗਿਲਾ
ਕੁਰਾਲੀ (ਮਿਹਰ ਸਿੰਘ): ਯੂਕਰੇਨ ਵਿੱਚ ਰੂਸੀ ਹਮਲੇ ਕਾਰਨ ਪੈਦਾ ਹੋਈ ਸੰਕਟ ਦੀ ਸਥਿਤੀ ਦੌਰਾਨ ਸ਼ਹਿਰ ਦਾ ਨੌਜਵਾਨ ਕੇਸ਼ਵ ਸਿੰਗਲਾ ਕਈ ਦਿਨਾਂ ਦੀ ਜਦੋ-ਜਹਿਦ ਮਗਰੋਂ ਘਰ ਪਰਤ ਆਇਆ ਹੈ। ਡਾਕਟਰੀ ਦੀ ਪੜ੍ਹਾਈ ਕਰਨ ਗਏ ਸਥਾਨਕ ਨੌਜਵਾਨ ਕੇਸ਼ਵ ਸਿੰਗਲਾ ਦਾ ਪਰਿਵਾਰ ਖੁਸ਼ ਹੈ ਪਰ ਨੌਜਵਾਨ ਨੇ ਭਾਰਤੀ ਦੂਤਾਵਾਸ ਦੀ ਕਾਰਗੁਜ਼ਾਰੀ ’ਤੇ ਗਿਲਾ ਪ੍ਰਗਟਾਇਆ ਹੈ। ਯੂਰਕੇਨ ਦੇ ਸ਼ਹਿਰ ਓਡੇਸਾ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਦੇ ਅੰਤਿਮ ਸਾਲ ਦੀ ਪੜ੍ਹਾਈ ਕਰ ਰਹੇ ਕੇਸ਼ਵ ਨੇ ਦੱਸਿਆ ਕਿ ਓਡੇਸਾ ਵਿੱਚ ਪਹਿਲੇ ਹੀ ਦਿਨ ਗੋਲੀਬਾਰੀ ਹੋਈ ਸੀ ਜਿਸ ਕਾਰਨ ਉਹ ਡਰੇ ਹੋਏ ਸਨ ਪਰ ਯੂਕਰੇਨ ਵਿੱਚ ਭਾਰਤੀ ਦੂਤਾਵਾਸ ਅਤੇ ਯੂਕਰੇਨ ਸਰਕਾਰ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਨੇ ਇੱਕ ਏਜੰਟ ਦੀ ਮਦਦ ਨਾਲ ਰੇਲ ਗੱਡੀ ਰਾਹੀਂ 1100 ਕਿਲੋਮੀਟਰ ਦਾ ਸਫਰ ਤੈਅ ਕੀਤਾ ਅਤੇ ਹੰਗਰੀ ਰਾਹੀਂ ਭਾਰਤ ਪੁੱਜੇ। ਉਸ ਨੇ ਯੂਕਰੇਨ ਵਿੱਚ ਭਾਰਤੀ ਦੂਸਾਵਾਸ ’ਤੇ ਗਿਲਾ ਕਰਦਿਆਂ ਕਿਹਾ ਕਿ ਉੱਥੇ ਭਾਰਤੀ ਵਿਦਿਆਥੀਆਂ ਲਈ ਕੇਵਲ ਐਡਵਾਈਜ਼ਰੀ ਹੀ ਜਾਰੀ ਹੁੰਦੀ ਰਹੀ ਜਦਕਿ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਏਜੰਟ ਦਾ ਸਹਾਰਾ ਲੈ ਕੇ ਹੰਗਰੀ ਦੇ ਰਸਤੇ ਬਾਹਰ ਨਾ ਨਿਕਲਦੇ ਤਾਂ ਉਨ੍ਹਾਂ ਦੀ ਜਾਨ ਜੋਖ਼ਮ ਵਿੱਚ ਆ ਸਕਦੀ ਸੀ ਕਿ ਕਿਉਂਕਿ ਰੂਸੀ ਫੌਜਾਂ ਓਡੇਸਾ ਵੱਲ ਨਿਰੰਤਰ ਵਧ ਰਹੀਆਂ ਸਨ। ਇਸੇ ਦੌਰਾਨ ਕੇਸ਼ਵ ਦੇ ਪਿਤਾ ਰਾਜੀਵ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਦੇਸ਼ ਪਰਤ ਆਇਆ ਹੈ। ਇਹ ਉਨ੍ਹਾਂ ਲਈ ਵੱਡੀ ਖੁਸ਼ੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ਵਿੱਚ ਫਸੇ ਹੋਰਨਾਂ ਬੱਚਿਆਂ ਨੂੰ ਵੀ ਤੁਰੰਤ ਦੇਸ਼ ਲਿਆਉਣ ਲਈ ਕਦਮ ਚੁੱਕੇ ਜਾਣ।