ਆਤਿਸ਼ ਗੁਪਤਾ
ਚੰਡੀਗੜ੍ਹ, 9 ਅਕਤੂਬਰ
ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਦੋ ਔਰਤਾਂ ਨੂੰ ਚੋਰੀ ਦੀਆਂ ਬੈਟਰੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ ਅਤੇ 16 ਬੈਟਰੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ ਸੀਮਾ ਅਤੇ ਹਸੀਮਾ ਵਾਸੀ ਸੈਕਟਰ-25 ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਔਰਤਾਂ ਨੂੰ ਸੈਕਟਰ 25 ’ਚ ਨਵੋਦਿਆ ਸਕੂਲ ਵਾਲੀ ਸੜਕ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਪਿਛਲੇ ਕੁਝ ਦਿਨਾਂ ’ਚ ਸੈਕਟਰ 37/38 ਦੇ ਨਜ਼ਦੀਕ ਭਾਸਕਰ ਚੌਕ ਅਤੇ 36/37 ਦੇ ਨਜ਼ਦੀਕ ਬੱਤਰਾ ਚੌਕ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਜੰਕਸ਼ਨ ਬਾਕਸਾਂ ਵਿੱਚੋਂ ਬੈਟਰੀਆਂ ਚੋਰੀ ਹੋ ਗਈਆਂ ਸਨ। ਪੁਲੀਸ ਨੇ ਦੋਵਾਂ ਘਟਨਾਵਾਂ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੈਕਟਰ 25 ’ਚ ਨਵੋਦਿਆ ਸਕੂਲ ਵਾਲੀ ਸੜਕ ’ਤੇ ਨਾਕਾਬੰਦੀ ਕੀਤੀ ਜਿੱਥੋਂ ਦੋਵੇਂ ਔਰਤਾਂ ਬੈਟਰੀਆਂ ਵੇਚਣ ਜਾਣ ਦੀ ਤਿਆਰੀ ਵਿੱਚ ਸਨ। ਪੁਲੀਸ ਨੇ ਦੋਵਾਂ ਨੂੰ ਰੋਕ ਕੇ ਪੜਤਾਲ ਕੀਤੀ ਅਤੇ ਤਲਾਸ਼ੀ ਦੌਰਾਨ 16 ਬੈਟਰੀਆਂ ਬਰਾਮਦ ਕੀਤੀਆਂ। ਪੁਲੀਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕ੍ਰਾਈਮ ਬ੍ਰਾਂਚ ਦੀ ਟੀਮ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ। ਦੋਵੇਂ ਔਰਤਾਂ ਪਹਿਲਾਂ ਵੀ ਝਪਟਮਾਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਹੋ ਚੁੱਕੀਆਂ ਹਨ।