ਹਰਜੀਤ ਸਿੰਘ
ਡੇਰਾਬੱਸੀ, 13 ਜਨਵਰੀ
ਮੁਬਾਰਿਕਪੁਰ ਪੁਲੀਸ ਨੇ ਦੋ ਵੱਖ ਵੱਖ ਟਰੱਕ ਡਰਾਈਵਰਾਂ ਤੋਂ ਇਕ ਕਿਲੋ ਅਫੀਮ ਅਤੇ 15 ਕਿਲੋ ਭੁੱਕੀ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਦੋਵੇਂ ਟਰੱਕ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ’ਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ।
ਡੀਐੱਸਪੀ ਡੇਰਾਬੱਸੀ ਗੁਰਬਖਸੀਸ ਸਿੰਘ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਬਾਰਿਕਪੁਰ ਪੁਲੀਸ ਚੌਕੀ ਇੰਚਾਰਜ ਸਹਾਇਕ ਇੰਸਪੈਕਟਰ ਅਰਸ਼ਦੀਪ ਸ਼ਰਮਾ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਬਾਰਿਕਪੁਰ ਵੱਲ ਤੋਂ ਆ ਰਹੇ ਇਕ ਟਰੱਕ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੈਬਿਨ ’ਚੋਂ ਇਕ ਕਿੱਲੋ ਅਫੀਮ ਬਰਾਮਦ ਹੋਈ। ਟਰੱਕ ਨੂੰ ਦਵਿੰਦਰ ਸਿੰਘ ਵਾਸੀ ਸ਼ਿਵ ਨਗਰ ਕਾਲਕਾ ਪੰਚਕੂਲਾ ਹਰਿਆਣਾ ਵਜੋਂ ਹੋਈ। ਡੀਐੱਸਪੀ ਡੇਰਾਬੱਸੀ ਨੇ ਦੱਸਿਆ ਕਿ ਮੁਲਜ਼ਮ ਟਰੱਕ ਚਾਲਕ ਆਪ ਗੱਡੀ ਦਾ ਮਾਲਕ ਹੈ ਤੇ ਕਾਲਕਾ ਟਰੱਕ ਯੂਨੀਅਨ ਚ ਗੱਡੀ ਪਾਈ ਹੋਈ ਹੈ। ਉਹ ਅਫੀਮ ਦੀ ਇਹ ਖੇਪ 80 ਹਜ਼ਾਰ ਰੁਪਏ ਪ੍ਰਤੀ ਕਿੱਲੋ ਮਨੀਪੁਰ ਤੋਂ ਲੈ ਕੇ ਆਇਆ ਸੀ ਜੋ ਇਥੇ ਉਹ ਕਾਲਕਾ ਯੂਨੀਅਨ ਵਿਚ ਥੋੜ੍ਹੀ ਥੋੜੀ ਕਰਕੇ ਹੋਰਾਂ ਡਰਾਈਵਰਾਂ ਨੂੰ ਮਹਿੰਗੇ ਭਾਅ ਵੇਚਦਾ ਸੀ। ਮੁਲਜ਼ਮ ਨੇ ਪੁੱਛਗਿੱਛ ’ਚ ਮੰਨਿਆ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਕਈਂ ਵਾਰ ਅਫੀਮ ਦੀ ਖੇਪ ਲਿਆ ਚੁੱਕਿਆ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਨਾਕਾਬੰਦੀ ਦੌਰਾਨ ਮੁਬਾਰਿਕਪੁਰ ਪੁਲੀਸ ਵੱਲੋਂ ਇਕ ਟਰੱਕ ਡਰਾਈਵਰ ਸਤਨਾਮ ਸਿੰਘ ਵਾਸੀ ਤ੍ਰਿਵੇਦੀ ਕੈਂਪ ਨੂੰ 15 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਸਤਨਾਮ ਸਿੰਘ ਵੀ ਆਪ ਗੱਡੀ ਦਾ ਮਾਲਕ ਹੈ ਅਤੇ ਇਹ ਭੁੱਕੀ ਦੀ ਖੇਪ ਮਨੀਪੁਰ ਤੋਂ ਲੈ ਕੇ ਆਇਆ ਸੀ। ਮੁਲਜ਼ਮ ਡੇਰਾਬੱਸੀ ਟਰੱਕ ਯੂਨੀਅਨ ਦਾ ਮੈਂਬਰ ਹੈ ਤੇ ਇਸੇ ਇਲਾਕੇ ਵਿੱਚ ਭੁੱਕੀ ਵੇਚਦਾ ਹੈ।
ਲੁੱਟਾਂ ਖੋਹਾਂ ਕਰਨ ਵਾਲੇ ਦੋ ਮੁਲਜ਼ਮ ਹਥਿਆਰਾਂ ਸਣੇ ਕਾਬੂ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ) ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪਿਸਤੌਲ ਤੇ ਪੰਜ ਜਿੰਦਾ ਕਾਰਤੂਸਾਂ ਸਣੇ ਕਾਬੂ ਕੀਤਾ ਹੈ। ਇਸ ਮੌਕੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐੱਸਪੀ ਦਿਹਾਤੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਹਥਿਆਰਾਂ ਨਾਲ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜਿਨ੍ਹਾਂ ਦੀ ਪਛਾਣ ਨਰਿੰਦਰ ਸਿੰਘ ਉਰਫ਼ ਕੇ.ਡੀ. ਤੇ ਰਵਿੰਦਰ ਕੁਮਾਰ ਉਰਫ਼ ਬਨਿਆ ਵਾਸੀਆਨ ਪਿੰਡ ਬੂੜਾਣਾ ਜ਼ਿਲ੍ਹਾ ਹਿਸਾਰ ਹਰਿਆਣਾ ਦੇ ਰੂਪ ਵਿੱਚ ਹੋਈ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬਲਟਾਣਾ ਪੁਲੀਸ ਚੌਂਕੀ ਦੇ ਇੰਚਾਰਜ ਕੁਲਵੰਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸ਼ੱਕੀ ਵਿਅਕਤੀ ਪੋਲੋ ਗੱਡੀ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ਹਿਰ ਵਿੱਚ ਘੁੰਮ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲੀਸ ਵੱਲੋਂ ਬਲਟਾਣਾ ਰਣਜੀਤ ਹੋਟਲ ਦੇ ਨੇੜੇ ਨਾਕਾਬੰਦੀ ਕਰ ਪੋਲੋ ਗੱਡੀ ਨੂੰ ਰੋਕ ਲਿਆ। ਉਸ ਵਿੱਚ ਇਕ ਮੁਲਜ਼ਮ ਕੇ.ਡੀ. ਸਵਾਰ ਸੀ। ਜਦ ਪੁਲੀਸ ਨੇ ਗੱਡੀ ਦੇ ਦਸਤਾਵੇਜਾਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਗੱਡੀ ’ਤੇ ਜਾਅਲੀ ਨੰਬਰ ਪਲੇਟ ਲਾਈ ਹੋਈ ਹੈ। ਪੁਲੀਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ ਹੋਏ। ਪੁਲੀਸ ਨੇ ਮੁੱਖ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਉਸਦੇ ਸਾਥੀ ਰਵਿੰਦਰ ਉਰਫ਼ ਬਨਿਆ ਨੂੰ ਕਾਬੂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਜ਼ਿਲ੍ਹਾ ਹਿਸਾਰ ’ਚ ਕਈਂ ਲੁੱਟਾਂ ਖੋਹਾਂ ਦੇ ਕੇਸ ਦਰਜ ਹਨ ਜਿਨ੍ਹਾਂ ’ਚ ਮੁਲਜ਼ਮ ਭਗੌੜੇ ਚੱਲ ਰਹੇ ਹਨ। ਪੁਲੀਸ ਨੂੰ ਮੁਲਜ਼ਮਾਂ ਤੋਂ ਦੇਸ਼ੀ ਪਿਸਤੌਲ, ਪੰਜ ਜਿੰਦਾ ਕਾਰਤੂਸ, ਇਕ ਜਾਅਲੀ ਨੰਬਰ ਪਲੇਟ ਲੱਗੀ ਪੋਲੋ ਕਾਰ, ਦੋ .315 ਬੋਰ ਦੇ ਪਿਸਤੌਲ ਅਤੇ ਇਕ ਚੱਲਿਆ ਹੋਇਆ ਕਾਰਤੂਸ ਬਰਾਮਦ ਹੋਇਆ ਹੈ।