ਪੀ.ਪੀ. ਵਰਮਾ
ਪੰਚਕੂਲਾ, 1 ਜਨਵਰੀ
ਇਥੇ ਦੇਰ ਰਾਤ ਸੈਕਟਰ-6 ਅਤੇ ਸੈਕਟਰ-7 ਨੂੰ ਵੰਡਦੀ ਸੜਕ ’ਤੇ ਕਰੇਨ ਅਤੇ ਮੋਟਰਸਾਈਕਲ ਸਵਾਰਾਂ ਦੀ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲੀਸ ਨੇ ਮ੍ਰਿਤਕਾਂ ਦੇ ਨਾਂ ਦੁਰਗਾ ਪ੍ਰਸ਼ਾਦ (22) ਤੇ ਚੰਡੀਚਰਨ (34) ਦੱਸੇ ਹਨ। ਦੁਰਗਾ ਪ੍ਰਸ਼ਾਦ ਸੈਕਟਰ-4 ਦੇ ਪਿੰਡ ਹਰੀਪੁਰ ਵਿੱਚ ਰਹਿੰਦਾ ਸੀ ਅਤੇ ਉਹ ਮੂਲ ਰੂਪ ਵਿੱਚ ਗੌਂਡਾ (ਯੂਪੀ) ਦਾ ਵਸਨੀਕ ਸੀ। ਚੰਡੀਚਰਨ ਸੈਕਟਰ-26 ਪੰਚਕੂਲਾ ਵਿੱਚ ਰਹਿੰਦਾ ਸੀ ਅਤੇ ਮੂਲ ਰੂਪ ਵਿੱਚ ਉਹ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਇਸ ਹਾਦਸੇ ਵਿੱਚ ਤੀਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਹ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। ਉਸ ਦਾ ਨਾਂ ਜਤਿੰਦਰ (30) ਦੱਸਿਆ ਗਿਆ ਹੈ। ਉਹ ਸੈਕਟਰ-4 ਦੇ ਪਿੰਡ ਹਰੀਪੁਰ ਵਿੱਚ ਰਹਿੰਦਾ ਹੈ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਤਿਨੋਂ ਨੌਜਵਾਨ ਸੈਕਟਰ-11 ਵਿੱਚ ਕੱਪੜਿਆਂ ਦੇ ਸ਼ੋਅਰੂਮ ਵਿੱਚ ਕੰਮ ਕਰਦੇ ਸਨ। ਹਾਦਸੇ ਤੋਂ ਬਾਅਦ ਕਰੇਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਿਸੇ ਰਾਹਗੀਰ ਨੇ ਇਸ ਹਾਦਸੇ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ। ਇਹ ਤਿੰਨੋਂ ਨੌਜਵਾਨ ਦੇਰ ਰਾਤ ਐੱਮਡੀਸੀ ਪੰਚਕੂਲਾ ਵੱਲ ਜਾ ਰਹੇ ਸਨ। ਪੁਲੀਸ ਨੇ ਇਨ੍ਹਾਂ ਨੂੰ ਤੁਰੰਤ ਸੈਕਟਰ-6 ਦੇ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੁਰਗਾ ਪ੍ਰਸ਼ਾਦ ਤੇ ਚੰਡੀਚਰਨ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਜਤਿੰਦਰ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ਕਰੇਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।