ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 6 ਨਵੰਬਰ
ਮੁਹਾਲੀ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਦੇ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਅੱਜ ਦੂਜੇ ਦਿਨ ਜੇਸੀਟੀ ਸਮੇਤ ਇਕ ਹੋਰ ਬੰਦ ਫੈਕਟਰੀ ਅਤੇ ਫੇਜ਼-7 ਦੀ ਮਾਰਕੀਟ ਵਿੱਚ ਦੋ ਸ਼ੋਅਰੂਮਾਂ ਨੂੰ ਸੀਲ ਕੀਤਾ ਗਿਆ ਹੈ, ਜਦੋਂਕਿ ਕੱਪੜੇ ਦੇ ਵਪਾਰੀ ਨੇ ਦੋ ਦਿਨ ਦੀ ਮੋਹਲਤ ਮੰਗ ਨੇ ਖਹਿੜਾ ਛੁਡਾਇਆ। ਕਿਸੇ ਸਮੇਂ ਜੇਸੀਟੀ ਫੈਕਟਰੀ ਵਿੱਚ ਰੰਗਦਾਰ ਟੀਵੀ ਦੀ ਸਕਰੀਨ ਬਣਦੀ ਸੀ ਅਤੇ ਇਥੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ ਪਰ ਹੁਣ ਕਾਫੀ ਅਰਸੇ ਤੋਂ ਇਹ ਬੰਦ ਹੈ। ਨਗਰ ਨਿਗਮ ਅਧਿਕਾਰੀ ਭੀਮ ਸੈਨ ਨੇ ਦੱਸਿਆ ਕਿ ਜੇਸੀਟੀ ਫੈਕਟਰੀ ਕਾਫੀ ਸਮੇਂ ਤੋਂ ਬੰਦ ਹੈ ਪਰ ਪ੍ਰਬੰਧਕਾਂ ਵੱਲੋਂ ਇਮਾਰਤ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ। ਫੈਕਟਰੀ ਵੱਲ 12 ਲੱਖ ਰੁਪਏ ਟੈਕਸ ਬਕਾਇਆ ਹੈ।
ਇਕ ਹੋਰ ਬੰਦ ਫੈਕਟਰੀ ਅਤੇ ਫੇਜ਼-7 ਵਿੱਚ ਦੋ ਸ਼ੋਅਰੂਮਾਂ ਨੂੰ ਸੀਲ ਕੀਤਾ ਗਿਆ ਹੈ। ਅੱਜ ਬਾਅਦ ਦੁਪਹਿਰ ਨਗਰ ਨਿਗਮ ਦੇ ਕਰਮਚਾਰੀ ਅਵਤਾਰ ਸਿੰਘ ਕਲਸੀਆ ਦੀ ਅਗਵਾਈ ਵਾਲੀ ਟੀਮ ਵੱਲੋਂ ਫੈਕਟਰੀਆਂ ਅਤੇ ਸ਼ੋਅਰੂਮਾਂ ਦੀਆਂ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ। ਇਨ੍ਹਾਂ ਅਦਾਰਿਆਂ ਵੱਲ ਕਰੀਬ 26 ਲੱਖ ਰੁਪਏ ਟੈਕਸ ਹੈ ਜਦੋਂਕਿ ਕੱਪੜੇ ਦੇ ਵਪਾਰੀ ਨੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਦੋ ਦਿਨ ਦੀ ਮੋਹਲਤ ਮੰਗੀ ਹੈ। ਇਸ ਵਪਾਰੀ ਵੱਲ ਕਰੀਬ 6 ਲੱਖ ਰੁਪਏ ਟੈਕਸ ਹੈ।