ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਦਸੰਬਰ
ਇਥੋਂ ਦੇ ਸੈਕਟਰ-41 ਸਥਿਤ ਬਡਹੇੜੀ ਦੇ ਬਾਜ਼ਾਰ ਵਿੱਚ ਬੀਤੀ ਦੇਰ ਰਾਤ ਦੋ ਦੁਕਾਨਾਂ ਨੂੰ ਅੱਗ ਲੱਗ ਗਈ ਅਤੇ ਦੁਕਾਨਾਂ ਦਾ ਸਾਰਾ ਸਾਮਾਨ ਸੜ ਗਿਆ। ਇਨ੍ਹਾਂ ਦੁਕਾਨਾਂ ਦੇ ਨਾਲ ਲੱਗਦੀਆਂ ਛੇ ਦੁਕਾਨਾਂ ਦਾ ਬਚਾਅ ਰਿਹਾ। ਫਾਇਰ ਬ੍ਰਿਗੇਡ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ।
ਘਟਨਾ ਦੇ ਵੇਰਵੇ ਅਨੁਸਾਰ ਸਟੇਸ਼ਨਰੀ ਦੀ ਦੁਕਾਨ ਵਿੱਚੋਂ ਰਾਤ 10 ਵਜੇ ਅੱਗ ਲੱਗੀ। ਇਸੇ ਦੌਰਾਨ ਦੁਕਾਨ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕੱਪੜਿਆਂ ਦੀ ਦੁਕਾਨ ਵੀ ਅੱਗ ਦੀ ਲਪੇਟ ਵਿੱਚ ਗਈ। ਇਲਾਕਾ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਸੈਕਟਰ-38, 17, 11 ਅਤੇ ਸੈਕਟਰ-32 ਦੇ ਫਾਇਰ ਸਟੇਸ਼ਨਾਂ ਤੋਂ ਫਾਇਰ ਇੰਜਨ ਮੰਗਵਾਏ ਗਏ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੇਰ ਰਾਤ ਅੱਗ ਨੂੰ ਕਾਬੂ ਹੇਠ ਕੀਤਾ।
ਪੀੜਤ ਦੁਕਾਨਦਾਰ ਨੀਰਜ ਨੇ ਦੱਸਿਆ ਕਿ ਉਸ ਨੇ ਸਟੇਸ਼ਨਰੀ ਦੀ ਦੁਕਾਨ ਰਾਤ 8.30 ਵਜੇ ਬੰਦ ਕੀਤੀ ਸੀ। ਉਸ ਤੋਂ ਕੁਝ ਸਮਾਂ ਬਾਅਦ ਹੀ ਅਚਾਨਕ ਦੁਕਾਨ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਸਹੀ ਪਤਾ ਨਹੀਂ ਲੱਗ ਸਕਿਆ ਤੇ ਘਟਨਾ ਦੀ ਜਾਂਚ ਜਾਰੀ ਹੈ। ਜਿਸ ਦੁਕਾਨ ਵਿੱਚ ਅੱਗ ਲੱਗੀ ਹੈ, ਉਸ ਬਿਲਡਿੰਗ ਵਿੱਚ ਕੁੱਲ 8 ਦੁਕਾਨਾਂ ਹਨ।
ਧਮਾਕੇ ਮਗਰੋਂ ਚੁੱਲ੍ਹਾ ਫਟਿਆ
ਡੇਰਾਬੱਸੀ (ਹਰਜੀਤ ਸਿੰਘ): ਇਥੋਂ ਦੀ ਅਕਾਲੀ ਮਾਰਕੀਟ ਦੇ ਘਰ ਵਿੱਚ ਅੱਗ ਫੜਨ ਮਗਰੋਂ ਚੁੱਲ੍ਹਾ ਜ਼ੋਰਦਾਰ ਧਮਾਕੇ ਨਾਲ ਫੱਟ ਗਿਆ। ਰਸੋਈ ਵਿੱਚ ਕੰਮ ਕਰ ਰਹੀ ਔਰਤ ਨੇ ਭੱਜ ਕੇ ਆਪਣੀ ਜਾਨ ਬਚਾਈ। ਮਕਾਨ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਕੁਲਵਿੰਦਰ ਕੌਰ ਦੁੱਧ ਗਰਮ ਕਰ ਰਹੀ ਸੀ ਅਤੇ ਉਸ ਦੀ ਮਾਤਾ ਵੀ ਰਸੋਈ ਵਿੱਚ ਹੀ ਸੀ। ਇਸ ਦੌਰਾਨ ਅਚਾਨਕ ਚੁੱਲ੍ਹੇ ਨੇ ਅੱਗ ਫੜ ਲਈ ਅਤੇ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਕਾਰਨ ਚੁੱਲ੍ਹੇ ਦਾ ਸ਼ੀਸ਼ੇ ਟੁੱਟ ਗਿਆ ਤੇ ਟੁੱਕੜੇ ਦਸ ਫੁੱਟ ਦੂਰ ਤੱਕ ਡਿੱਗੇ। ਇਸ ਮਗਰੋਂ ਤੁਰੰਤ ਅੱਗ ’ਤੇ ਕਾਬੂ ਪਾਇਆ ਗਿਆ। ਉਸ ਨੇ ਚੁੱਲ੍ਹਾ ਬਣਾਉਣ ਵਾਲੀ ਕੰਪਨੀ ਨੂੰ ਘਟਨਾ ਬਾਰੇ ਸ਼ਿਕਾਇਤ ਕੀਤੀ ਤੇ ਕਿਹਾ ਕਿ ਮਾਮਲਾ ਖਪਤਕਾਰ ਅਦਾਲਤ ਵਿੱਚ ਲਿਜਾਇਆ ਜਾਵੇਗਾ ਤੇ ਪੁਲੀਸ ਨੂੰ ਵੀ ਸ਼ਿਕਾਇਤ ਕੀਤੀ ਜਾਵੇਗੀ।