ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਸਤੰਬਰ
ਮੌਹੜਾ ਸਥਿਤ ਏਬੀਆਰ ਰੋਡ ਲਾਈਨ ਪ੍ਰਾਈਵੇਟ ਲਿਮਟਿਡ ਟਰਾਂਸਪੋਰਟ ਕੰਪਨੀ ਦੇ ਦੋ ਨੌਕਰ ਦਫ਼ਤਰ ਦੀ ਅਲਮਾਰੀ ਵਿੱਚੋਂ 4 ਲੱਖ 90 ਹਜ਼ਾਰ ਰੁਪਏ ਦੀ ਰਕਮ ਚੋਰੀ ਕਰ ਕੇ ਫ਼ਰਾਰ ਹੋ ਗਏ। ਟਰਾਂਸਪੋਰਟ ਕੰਪਨੀ ਦੇ ਮੈਨੇਜਰ ਜੈਬੀਰ ਨਿਵਾਸੀ ਮਾਲਵੀ ਜ਼ਿਲ੍ਹਾ ਜੀਂਦ ਨੇ ਥਾਣਾ ਪੜਾਓ ਪੁਲੀਸ ਨੂੰ ਦੱਸਿਆ ਕਿ ਕੁਸ਼ਲ ਵਿਕਰਮ ਸ਼ਾਹ ਅਤੇ ਗੌਰਵ ਵਾਸੀਆਨ ਨੇਪਾਲ ਕਰੀਬ ਦੋ ਸਾਲਾਂ ਤੋਂ ਕੰਪਨੀ ਵਿੱਚ ਰੱਖੇ ਹੋਏ ਸਨ ਜੋ ਖਾਣਾ ਬਣਾਉਣ ਅਤੇ ਚਾਹ-ਪਾਣੀ ਪਿਆਉਣ ਦਾ ਕੰਮ ਕਰਦੇ ਸਨ ਅਤੇ ਕੰਪਨੀ ਦੇ ਦਫ਼ਤਰ ਵਿੱਚ ਹੀ ਰਹਿੰਦੇ ਸਨ। ਕੱਲ੍ਹ ਰਾਤ ਕਰੀਬ 9.30 ਵਜੇ ਉਹ ਦੋਵੇਂ ਅਲਮਾਰੀ ਦਾ ਤਾਲਾ ਖੋਲ੍ਹ ਕੇ ਉਸ ਵਿੱਚ ਰੱਖੀ 4.90 ਲੱਖ ਦੀ ਰਕਮ ਲੈ ਕੇ ਫ਼ਰਾਰ ਹੋ ਗਏ।ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿਚ ਗੌਰਵ ਅਤੇ ਕੁਸ਼ਲ ਰੁਪਏ ਚੋਰੀ ਕਰਦੇ ਨਜ਼ਰ ਆ ਰਹੇ ਹਨ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।