ਕੁਲਦੀਪ ਸਿੰਘ
ਚੰਡੀਗੜ੍ਹ, 14 ਜੂਨ
ਪਿੰਡ ਖੁੱਡਾ ਅਲੀਸ਼ੇਰ ਵਿਚ ਕਰੋਨਾਵਾਇਰਸ ਦੇ ਦੋ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਯੂਟੀ ਦੇ ਸਿਹਤ ਵਿਭਾਗ ਮੁਤਾਬਕ ਇਨ੍ਹਾਂ ਮਰੀਜ਼ਾਂ ਵਿੱਚ 27 ਸਾਲਾਂ ਦੀ ਔਰਤ ਅਤੇ 35 ਸਾਲਾਂ ਦਾ ਪੁਰਸ਼ ਸ਼ਾਮਿਲ ਹਨ। ਇਹ ਦੋਵੇਂ ਇੱਕੋ ਪਰਿਵਾਰ ਦੇ ਮੈਂਬਰ ਹਨ। ਇਹ ਦੋਵੇਂ ਜਣੇ ਉੱਤਰ ਪ੍ਰਦੇਸ਼ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸਨ ਜਿੱਥੇ ਉਹ ਚਾਰ ਦਿਨ ਰਹੇ ਅਤੇ 9 ਜੂਨ ਨੂੰ ਪਿੰਡ ਖੁੱਡਾ ਅਲੀਸ਼ੇਰ ਵਿਚ ਪਰਤੇ ਸਨ। ਇਸ ਮਗਰੋਂ 11 ਜੂਨ ਨੂੰ ਦੋਵਾਂ ਵਿੱਚ ਕਰੋਨਾ ਨਾਲ ਮਿਲਦੇ ਲੱਛਣ ਪਾਏ ਗਏ ਤੇ ਇਨ੍ਹਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ। ਚੰਡੀਗੜ੍ਹ ਵਿੱਚ ਇਸ ਵੇਲੇ ਕਰੋਨਾ ਪੀੜਤਾਂ ਦਾ ਕੁੱਲ ਅੰਕੜਾ 352 ਹੋ ਗਿਆ ਹੈ ਜਿਨ੍ਹਾਂ ਵਿੱਚੋਂ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 295 ਮਰੀਜ਼ ਡਿਸਚਾਰਜ ਕੀਤੇ ਜਾ ਚੁੱਕੇ ਹਨ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 52 ਹੋ ਗਈ ਹੈ।
ਦੋ ਮਰੀਜ਼ਾਂ ਨੇ ਕਰੋਨਾ ਨੂੰ ਦਿੱਤੀ ਮਾਤ: ਦੋ ਮਰੀਜ਼ਾਂ ਨੇ ਅੱਜ ਕਰੋਨਾ ਨੂੰ ਮਾਤ ਦਿੱਤੀ ਹੈ ਤੇ ਊਨ੍ਹਾਂ ਨੂੰ ਪੀ.ਜੀ.ਆਈ. ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਇਕ ਔਰਤ ਜੰਮੂ ਦੀ ਰਹਿਣ ਵਾਲੀ 40 ਸਾਲਾਂ ਦੀ ਔਰਤ ਹੈ। ਉਸ ਨੇ ਜੰਮੂ ਹਸਪਤਾਲ ਵਿਚ ਕੋਵਿਡ ਟੈਸਟ ਕਰਵਾਇਆ ਸੀ ਜੋ ਕਿ ਪਾਜ਼ੇਟਿਵ ਨਿਕਲਿਆ। ਦੂਜਾ ਵਿਅਕਤੀ ਮਲੇਰਕੋਟਲਾ ਦਾ 50 ਸਾਲਾਂ ਦਾ ਵਸਨੀਕ ਹੈ।
ਡੇਰਾਬੱਸੀ (ਹਰਜੀਤ ਸਿੰਘ): ਅੱਜ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਚਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇਕ ਮਰੀਜ਼ ਮੁਬਾਰਿਕਪੁਰ, ਇਕ ਏਟੀਐਸ ਸੁਸਾਇਟੀ, ਇਕ ਮਰੀਜ਼ ਗੁਲਾਬਗੜ੍ਹ ਰੋਡ ਅਤੇ ਇਕ ਮਰੀਜ਼ ਜ਼ੀਰਕਪੁਰ ਦੇ ਢਕੋਲੀ ਖੇਤਰ ਦਾ ਵਸਨੀਕ ਹੈ। ਇਸ ਤੋਂ ਇਲਾਵਾ ਦੋ ਮਰੀਜ਼ ਮੁਹਾਲੀ ਦੇ ਨਵਾਂ ਗਾਊਂ ਤੋਂ ਸਾਹਮਣੇ ਆਏ ਹਨ। ਐਸ.ਐਮ.ਓ. ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਮਰੀਜ਼ਾਂ ਵਿੱਚ ਮੀਟ ਪਲਾਂਟ ਦਾ 55 ਸਾਲਾਂ ਦਾ ਜੀ.ਐਮ. ਹੈ ਜੋ ਬਰਵਾਲਾ ਰੋਡ ’ਤੇ ਏ.ਟੀ.ਐਸ. ਸੁਸਾਇਟੀ ਵਿੱਚ ਰਹਿੰਦਾ ਹੈ। ਇਕ ਮਰੀਜ਼ ਗੁਲਾਬਗੜ੍ਹ ਰੋਡ ’ਤੇ ਸਥਿਤ ਪ੍ਰੀਤ ਨਗਰ ਕਲੋਨੀ ਦਾ ਵਸਨੀਕ ਹੈ। ਇਸ ਤੋਂ ਇਲਾਵਾ 57 ਸਾਲਾ ਦਾ ਮਰੀਜ਼ ਮੁਬਾਰਿਕਪੁਰ ਪੰਡਵਾਲਾ ਸੜਕ ਦਾ ਵਸਨੀਕ ਹੈ। ਢਕੋਲੀ ਦੀ ਮਮਤਾ ਐਨਕਲੇਵ ਵਸਨੀਕ 49 ਸਾਲਾਂ ਦਾ ਤਰੁਣ ਸ੍ਰੀਵਾਸਤਵ ਵੀ ਕਰੋਨਾ ਪੀੜਤ ਹੈ।
ਲਾਲੜੂ (ਸਰਬਜੀਤ ਸਿੰਘ ਭੱਟੀ): ਸ਼ਹਿਰ ਵਿੱਚ ਕਰੋਨਾਵਾਇਰਸ ਦੇ ਪੰਜ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਚ ਦਾਖਲ ਕਰਵਾਇਆ ਗਿਆ ਹੈ। ਸੀਐਚਸੀ ਲਾਲੜੂ ਦੇ ਅਧਿਕਾਰੀ ਅਨੀਲ ਗੁਰੂ ਨੇ ਦੱਸਿਆ ਕਿ ਪ੍ਰਮੋਦ ਕੁਮਾਰ (52), ਜੋ 9 ਜੂਨ ਨੂੰ ਦਿੱਲੀ ਤੋਂ ਸਥਾਨਕ ਫੈਕਟਰੀ ’ਚ ਨੌਕਰੀ ਲਈ ਆਇਆ ਸੀ, ਸਾਜਿਦ ਅਲੀ 22 ਮੁਜ਼ੱਫਰਨਗਰ ਤੋਂ ਪਿੰਡ ਚੋਂਦਹੇੜੀ ਨੇੜੇ ਫੈਕਟਰੀ ’ਚ ਕੰਮ ਕਰਨ ਲਈ ਆਇਆ ਸੀ, ਦਿਨੇਸ਼ (52) ਵਾਸੀ ਵਾਰਡ ਨੰਬਰ 15 ਲਾਲੜੂ ’ਚ ਕਿਰਾਏ ’ਤੇ ਰਹਿੰਦਾ ਹੈ ਅਤੇ ਰਾਮ ਅਨੁਜ (48) ਜੋ ਦਿੱਲੀ ਤੋਂ ਵਾਪਸ ਆ ਕੇ ਆਪਣੇ ਪਰਿਵਾਰ ਸਮੇਤ ਪਿੰਡ ਦੱਪਰ ਵਿਖੇ ਕਿਰਾਏ ’ਤੇ ਰਹਿੰਦਾ ਹੈ, ਮਰੀਜ਼ਾਂ ਵਿੱਚ ਸ਼ਾਮਲ ਹਨ। ਇਸੇ ਤਰ੍ਹਾਂ ਸੰਤੋਸ਼ 26 ਪਤਨੀ ਮੁਸਤਾਕ ਵਾਸੀ ਮਲਕਪੁਰ ਜੋ ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਲਾਲੜੂ ਵਿਚ ਦਵਾਈ ਲੈਣ ਲਈ ਆਈ ਸੀ, ਉਹ ਵੀ ਕਰੋਨਾ ਪਾਜ਼ੇਟਿਵ ਪਾਈ ਗਈ ਹੈ।
ਨੰਗਲ (ਰਾਕੇਸ਼ ਸੈਣੀ): ਸ਼ਹਿਰ ਵਿਚ ਇਕ ਔਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਰੂਪਨਗਰ ਡਾ. ਐਚ.ਐਨ ਸ਼ਰਮਾ ਨੇ ਦੱਸਿਆ ਪੀੜਤ ਔਰਤ ਬੀਬੀਐਮਬੀ ਦੀ ਰਿਹਾਇਸ਼ੀ ਕਲੋਨੀ ਵਿਚ ਰਹਿੰਦੀ ਹੈ। ਊਹ 9 ਜੂਨ ਨੂੰ ਦਿੱਲੀ ਤੋਂ ਨੰਗਲ ਆਈ ਸੀ।
ਪੰਚਕੂਲਾ ਇਲਾਕੇ ਵਿੱਚ ਨੌਂ ਕੇਸ ਪਾਜ਼ੇਟਿਵ
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਇਲਾਕੇ ਵਿੱਚ ਅੱਜ ਕਰੋਨਾਵਾਇਰਸ ਦੇ 9 ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਅਕਤੀਆਂ ਨੇ ਸਰਕਾਰੀ ਹਸਪਤਾਲ ਵਿੱਚ ਆਪਣੇ ਸੈਂਪਲ ਜਾਂਚ ਲਈ ਦਿੱਤੇ ਸਨ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕੇ ਚਾਰ ਕੇਸ ਰਾਏਪੁਰਰਾਣੀ ਨਾਲ ਸਬੰਧਤ ਹਨ, ਜਿਹੜੇ ਇੱਕੋ ਪਰਿਵਾਰ ਦੇ ਮੈਂਬਰ ਹਨ। ਦੋ ਕੇਸ ਪੰਚਕੂਲਾ ਦੇ ਚੰਡੀਮੰਦਰ ਇਲਾਕੇ ਵਿੱਚੋਂ ਸਾਹਮਣੇ ਆਏ ਹਨ ਜੋ ਇਸ ਪਰਿਵਾਰ ਦੇ ਮਾਤਾ-ਪਿਤਾ ਹਨ। ਇਸੇ ਤਰ੍ਹਾਂ ਦੋ ਕੇਸ ਕਾਲਕਾ ਨਾਲ ਸਬੰਧਤ ਹਨ ਜਦਕਿ ਇੱਕ ਕੇਸ ਇਥੋਂ ਦੇ ਸੈਕਟਰ-10 ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਪੀੜਤਾਂ ਨੂੰ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ।
ਅੰਬਾਲਾ ਜ਼ਿਲ੍ਹੇ ਵਿਚ 15 ਪਾਜ਼ੇਟਿਵ ਕੇਸ
ਅੱਜ ਅੰਬਾਲਾ ਜ਼ਿਲ੍ਹੇ ਵਿਚ ਕਰੋਨਾ ਦੇ 15 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਮਰੀਜ਼ਾਂ ਵਿੱਚ ਸੈਨਮਾਜਰਾ ਦੀ 33 ਸਾਲਾਂ ਦੀ ਮਹਿਲਾ, ਸੰਗਰਾਨੀ ਪਿੰਡ ਦਾ ਨੌਜਵਾਨ ਤੇ ਸ਼ਾਸਤਰੀ ਕਲੋਨੀ ਦੇ ਛੇ ਵਿਅਕਤੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇਕ ਮਰੀਜ਼ ਅੰਬਾਲਾ ਕੈਂਟ ਦੇ ਗਣੇਸ਼ ਵਿਹਾਰ ਦਾ ਰਹਿਣ ਵਾਲਾ ਹੈ ਤੇ ਇਕ ਮਰੀਜ਼ ਲਾਲ ਕੁੜਤੀ ਦਾ ਰਹਿਣ ਵਾਲਾ ਹੈ। ਇਸੇ ਤਰ੍ਹਾਂ ਰਾਮ ਕਿਸ਼ਨ ਕਲੋਨੀ ਦੀ ਮੁਟਿਆਰ ਅਤੇ ਹਰੀ ਨਗਰ ਦੀ ਬੱਚੀ ਵੀ ਪਾਜ਼ੇਟਿਵ ਪਾਈਆਂ ਗਈਆਂ ਹਨ। ਇਸੇ ਤਰ੍ਹਾਂ ਇਕ ਮਰੀਜ਼ ਕਾਲਾ ਅੰਬ ਦਾ ਰਹਿਣ ਵਾਲਾ ਹੈ ਜਦੋਂ ਕਿ ਅੰਬਾਲਾ ਸ਼ਹਿਰ ਦੇ ਵਿਰਾਟ ਨਗਰ ਦਾ 75 ਸਾਲਾ ਬਜ਼ੁਰਗ ਅਤੇ ਇੰਦਰ ਨਗਰ ਦਾ ਹੈਦਰਾਬਾਦ ਤੋਂ ਆਇਆ 53 ਸਾਲਾਂ ਦਾ ਪੁਰਸ਼ ਪਾਜ਼ੇਟਿਵ ਪਾਏ ਗਏ ਹਨ।ਸਿਵਲ ਸਰਜਨ ਅਨੁਸਾਰ ਅੱਜ ਤਿੰਨ ਮਰੀਜ਼ਾਂ ਦੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।
ਝਾਰਖੰਡ ਤੋਂ ਪਰਤੇ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ
ਖਰੜ (ਸ਼ਸ਼ੀ ਪਾਲ ਜੈਨ): ਖਰੜ ਦੇ ਸ਼ਿਵਾਲਿਕ ਸਿਟੀ ਦਾ ਵਸਨੀਕ ਨੌਜਵਾਨ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਊਹ ਹਾਲ ਹੀ ਵਿੱਚ ਝਾਰਖੰਡ ਤੋਂ ਪਰਤਿਆ ਹੈ। ਐੱਸਐੱਮਓ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਸੈਂਪਲ ਲਿਆ ਗਿਆ ਸੀ ਜੋ ਅੱਜ ਪਾਜ਼ੇਟਿਵ ਪਾਇਆ ਗਿਆ ਹੈ। ਉਸ ਨੂੰ ਗਿਆਨ ਸਾਗਰ ਹਸਪਤਾਲ ਭੇਜ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਊਸ ਦੇ ਨਾਲ ਰਹਿੰਦੇ ਲੜਕੇ ਦਾ ਵੀ ਸੈਂਪਲ ਲਿਆ ਹੈ।
ਕੁਰਾਲੀ (ਮਿਹਰ ਸਿੰਘ): ਸ਼ਹਿਰ ਵਿੱਚ ਕਰੋਨਵਾਇਰਸ ਦੇ ਚਾਰ ਕੇਸ ਸਾਹਮਣੇ ਆਏ ਹਨ। ਮਰੀਜ਼ਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੇਰਵਿਆਂ ਅਨੁਸਾਰ 16 ਸਾਲਾਂ ਦਾ ਰਾਹੁਲ ਕੁਮਾਰ ਵਾਸੀ ਮਾਡਲ ਟਾਊਨ ਮੁੰਬਈ ਤੋਂ ਪਰਤਿਆ ਹੈ। ਇਸ ਤੋਂ ਇਲਾਵਾ ਵਾਰਡ ਨੰਬਰ ਤਿੰਨ ਦੇ ਇੱਕੋ ਪਰਿਵਾਰ ਨਾਲ ਸਬੰਧਤ ਆਸਮ ਖਾਨ, ਇਰਫਾਨ ਖਾਨ ਅਤੇ ਫੁਰਖ਼ਾਨ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਹ ਸਾਰੇ ਜਣੇ 12 ਜੂਨ ਨੂੰ ਉੱਤਰ ਪ੍ਰਦੇਸ਼ ਤੋਂ ਪਰਤੇ ਸਨ।