ਹਰਜੀਤ ਸਿੰਘ
ਜ਼ੀਰਕਪੁਰ, 19 ਦਸੰਬਰ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਜਾਮ ਦੀ ਸਮੱਸਿਆ ਦੇ ਹੱਲ ਲਈ ਨੈਸ਼ਨਲ ਅਥਾਰਟੀ ਆਫ ਇੰਡੀਆ ਵੱਲੋਂ ਦੋ ਓਵਰਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਹ ਓਵਰਬ੍ਰਿਜ ਇਸ ਸੜਕ ’ਤੇ ਸਭ ਤੋਂ ਵੱਧ ਆਵਾਜਾਈ ਵਾਲੀ ਸਿੰਘਪੁਰਾ ਟਰੈਫਿਕ ਲਾਈਟ ਅਤੇ ਮੈਕਡੌਨਲਡ ਟਰੈਫਿਕ ਲਾਈਟ ’ਤੇ ਉਸਾਰੇ ਜਾਣਗੇ। ਇਨ੍ਹਾਂ ਦੋਵਾਂ ਫਲਾਈਓਵਰਾਂ ਦਾ ਕੰਮ ਆਉਣ ਵਾਲੇ ਡੇਢ ਸਾਲ ਵਿੱਚ ਪੂਰਾ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਜਾਮ ਦੀ ਸਮੱਸਿਆ ਲਗਾਤਾਰ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇੱਥੇ ਹਰ ਵੇਲੇ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ ਜਿਸ ਦੇ ਸਿੱਟੇ ਵਜੋਂ ਰਾਹਗੀਰਾਂ ਨੂੰ ਪੰਜ ਮਿੰਟ ਦੇ ਸ਼ਹਿਰ ਦੇ ਸਫ਼ਰ ਨੂੰ ਤੈਅ ਕਰਨ ਲਈ ਘੰਟਿਆਂਬੱਧੀ ਖੱਜਲ ਹੋਣਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਲੰਮੇ ਸਮੇਂ ਤੋਂ ਸ਼ਹਿਰ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ। ਇਸ ਨੂੰ ਦੇਖਦਿਆਂ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਨੇ ਸ਼ਹਿਰ ਦੀ ਸਭ ਤੋਂ ਵਿਅਸਤ ਟਰੈਫਿਕ ਲਾਈਟਾਂ ’ਤੇ ਓਵਰਬ੍ਰਿਜ ਬਣਾਉਣ ਦਾ ਕੰਮ ਚਾਲੂ ਕੀਤਾ ਹੈ। ਐੱਨ.ਐੱਚ.ਏ.ਆਈ. ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਓਵਰਬ੍ਰਿਜ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਬੈਸਟ ਪ੍ਰਾਈਸ ਸਟੋਰ ਤੋਂ ਸ਼ੁਰੂ ਹੋ ਕੇ ਸਿੰਘਪੁਰਾ ਟਰੈਫਿਕ ਲਾਈਟਾਂ ਨੂੰ ਪਾਰ ਕਰਦਿਆਂ ਡੇਰਾਬੱਸੀ ਵਾਲੇ ਪਾਸੇ ਉੱਤਰੇਗਾ। ਇਸੇ ਤਰ੍ਹਾਂ ਦੂਜਾ ਓਵਰਬ੍ਰਿਜ ਮੈਕਡੌਨਲਡ ਚੌਕ ਟਰੈਫਿਕ ਲਾਈਟ ਤੋਂ ਪਹਿਲਾਂ ਤੋਂ ਸ਼ੁਰੂ ਹੋ ਕੇ ਭਾਂਖਰਪੁਰ ਘੱਗਰ ਪੁਲ ਤੋਂ 300 ਮੀਟਰ ਪਹਿਲਾ ਉੱਤਰੇਗਾ। ਇਸ ਤੋਂ ਇਲਾਵਾ 200 ਫੁੱਟੀ ਏਅਰੋਸਿਟੀ ਰਿੰਗ ਰੋਡ ਦੀ ਆਵਾਜਾਈ ਨੂੰ ਚੰਡੀਗੜ੍ਹ ਅੰਬਾਲਾ ਹਾਈਵੇਅ ਦੀ ਕਰਾਸਿੰਗ ਕਰਵਾਉਣ ਲਈ ਇੱਥੇ ਫਿਲਹਾਲ ਟਰੈਫਿਕ ਲਾਈਟਾਂ ਸਥਾਪਤ ਕੀਤੀ ਜਾਣਗੀਆਂ।
ਐੱਨ.ਐੱਚ.ਏ.ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਭਵਿੱਖ ਵਿੱਚ ਇੱਥੇ ਵੀ ਓਵਰਬ੍ਰਿਜ ਬਣਾਉਣ ਦੀ ਜ਼ਰੂਰਤ ਪੈ ਸਕਦੀ ਹੈ ਜਿਸ ਦੇ ਚਲਦਿਆਂ ਫਿਲਹਾਲ ਇੱਥੇ ਲਾਈਟਾਂ ਲਾਈਆਂ ਜਾਣਗੀਆਂ। ਇਹ ਲਾਈਟਾਂ ਦੋਵੇਂ ਓਵਰਬ੍ਰਿਜਾਂ ਦੇ ਵਿਚਾਲੇ ਆਉਣਗੀਆਂ। ਇਸ ਸਬੰਧੀ ਐੱਨ.ਐੱਚ.ਏ.ਆਈ. ਦੇ ਪ੍ਰਾਜੈਕਟ ਡਾਇਰੈਕਟਰ ਪ੍ਰਦੀਪ ਅੱਤਰੀ ਨੇ ਦੱਸਿਆ ਕਿ ਇਸ ਦਾ ਕੰਮ ਚਾਲੂ ਕਰ ਦਿੱਤਾ ਗਿਆ ਹੈ।
ਪਟਿਆਲਾ ਅਤੇ ਕਾਲਕਾ ਚੌਕ ’ਤੇ ਜਾਮ ਤੋਂ ਮਿਲੇਗੀ ਰਾਹਤ
ਹਾਈਵੇਅ ਤੋਂ 200 ਫੁੱਟੀ ਏਅਰੋਸਿਟੀ ਰਿੰਗ ਰੋਡ ਦੀ ਕਰਾਸਿੰਗ ਮਿਲਣ ਨਾਲ ਹਿਮਾਚਲ ਅਤੇ ਪੰਚਕੂਲਾ ਜਾਣ ਵਾਲੀ ਆਵਾਜਾਈ ਇੱਥੋਂ ਹੀ ਮੁੜ ਜਾਏਗੀ ਜਿਸ ਨਾਲ ਪਟਿਆਲਾ ਅਤੇ ਕਾਲਕਾ ਚੌਕ ’ਤੇ ਹਰ ਵੇਲੇ ਲੱਗੇ ਰਹਿਣ ਵਾਲੇ ਜਾਮ ਤੋਂ ਵੱਡੀ ਰਾਹਤ ਮਿਲੇਗੀ।