ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 19 ਅਪਰੈਲ
ਮੰਡੀ ਗੋਬਿੰਦਗੜ੍ਹ ’ਚ ਦਿੱਲੀ-ਲੁਧਿਆਣਾ ਜੀ.ਟੀ. ਰੋਡ ’ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇਕ ਕੈਂਟਰ ਦੇ ਚਾਲਕ ਦੀ ਮੌਤ ਹੋ ਗਈ ਜਦਕਿ ਸਹਿ-ਚਾਲਕ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਉਰਫ ਸੋਨੂੰ (30) ਵਾਸੀ ਪਿੰਡ ਬਸਤੀ ਸਰੂਪ ਸਿੰਘ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਤੇ ਸਹਿ ਚਾਲਕ ਸੈਮ ਸਿੰਘ ਵਾਸੀ ਲੁਧਿਆਣਾ ਨਾਲ ਕੈਂਟਰ ਵਿੱਚ ਦਿੱਲੀ ਤੋਂ ਜਲੰਧਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਮੰਡੀ ਗੋਬਿੰਦਗੜ੍ਹ ਵਿੱਚ ਸਥਿਤ ਚਾਨਣ ਰਾਮ ਪੈਟਰੌਲ ਪੰਪ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਕੈਂਟਰ ਸੜਕ ’ਤੇ ਖੜ੍ਹੇ ਇੱਕ ਕੰਨਟੇਨਰ ਵਿੱਚ ਜਾ ਵੱਜਿਆ। ਇਸ ਦੌਰਾਨ ਚਾਲਕ ਸੁਖਚੈਨ ਸਿੰਘ ਸੋਨੂੰ ਕੈਂਟਰ ’ਚ ਬੁਰੀ ਤਰ੍ਹਾਂ ਫੱਸ ਗਿਆ, ਜਿਸ ਨੂੰ ਬੜੀ ਜੱਦੋ-ਜਹਿਦ ਮਗਰੋਂ ਰਾਹਗੀਰਾਂ ਵੱਲੋਂ ਕੈਂਟਰ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੰਚਕੂਲਾ (ਪੱਤਰ ਪ੍ਰੇਰਕ): ਕਿਸਾਨ ਮੰਡੀ ਕਾਲਕਾ ਤੋਂ ਘਰ ਆ ਰਹੇ ਫੜ੍ਹੀ ਲਗਾਉਣ ਵਾਲੇ ਇਕ ਵਿਅਕਤੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਫੜ੍ਹੀ ਲਗਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੰਦਨ ਗੁਪਤਾ ਵਾਸੀ ਪਿੰਡ ਅਭੈਪੁਰ, ਪੰਚਕੂਲਾ ਵਜੋਂ ਹੋਈ ਹੈ। ਸੁਨੀਲ ਕੁਮਾਰ ਨੇ ਦੱਸਿਆ ਕਿ ਚੰਦਨ ਗੁਪਤਾ ਅਤੇ ਉਹ ਕਿਸਾਨ ਮੰਡੀ ਵਿੱਚ ਭਾਂਡਿਆਂ ਦੀ ਫੜ੍ਹੀ ਲਗਾਉਂਦੇ ਸਨ। ਰਾਤ ਨੂੰ ਉਹ ਦੋਵੇਂ ਰੇਹੜੀ ’ਤੇ ਸੂਰਜਪੁਰ ਬੱਸ ਅੱਡੇ ਕੋਲ ਪਹੁੰਚੇ ਤਾਂ ਅੱਗਿਓਂ ਆ ਰਹੇ ਇਕ ਟਰੱਕ ਨੇ ਚੰਦਨ ਗੁਪਤਾ ਦੀ ਰੇਹੜੀ ਨੂੰ ਟੱਕਰ ਮਾਰ ਦਿੱਤੀ। ਟੱਕਰ ਨਾਲ ਚੰਦਨ ਗੁਪਤਾ ਰੇਹੜੀ ਤੋਂ ਉੱਛਲ ਕੇ ਸੜਕ ’ਤੇ ਡਿੱਗ ਪਿਆ, ਜਿਸ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ।