ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 2 ਸਤੰਬਰ
ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਦੋ ਵੱਖ-ਵੱਖ ਹਾਦਸਿਆਂ ਵਿੱਚ ਰੇਲਗੱਡੀ ਦੀ ਲਪੇਟ ਵਿੱਚ ਆ ਕੇ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ 38 ਸਾਲਾ ਗਿਰੀਸ਼ ਵਾਸੀ ਮੁਰਾਦਾਬਾਦ, ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ। ਦੂਜੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਜਿਸਦੀ ਲਾਸ਼ ਨੂੰ ਪਛਾਣ ਲਈ 72 ਘੰਟੇ ਲਈ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਸਵੇਰ ਤਕਰੀਬਨ ਸਾਢੇ ਸੱਤ ਵਜੇ ਗਿਰੀਸ਼ ਦੀ ਲਾਸ਼ ਰੇਲਵੇ ਲਾਈਨ ’ਤੇ ਗੇਟ ਨੰਬਰ 122 ਦੇ ਨੇੜੇ ਪਈ ਸੀ ਜਿਸ ਨੂੰ ਕੋਈ ਅਣਪਛਾਤੀ ਰੇਲਗੱਡੀ ਨੇ ਲਪੇਟ ਵਿੱਚ ਲਿਆ ਸੀ। ਮ੍ਰਿਤਕ ਤੋਂ ਮਿਲੇ ਦਸਤਾਵੇਜ਼ਾਂ ਮੁਤਾਬਕ ਉਸਦੀ ਪਛਾਣ ਗਿਰੀਸ਼ ਦੇ ਤੌਰ ’ਤੇ ਹੋਈ ਹੈ। ਇਸ ਤੋਂ ਇਲਾਵਾ ਦੂਜੀ ਲਾਸ਼ ਅੱਜ ਸਵੇਰ ਸਾਢੇ ਅੱਠ ਵਜੇ ਪੰਚਕੂਲਾ ਇੰਡਸਟਰੀ ਏਰੀਆ ਦੇ ਨੇੜੇ ਤੋਂ ਰੇਲਵੇ ਲਾਈਨ ਤੋਂ ਮਿਲੀ ਹੈ ਜਿਸ ਤੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਜਿਸ ਨਾਲ ਉਸਦੀ ਪਛਾਣ ਹੋ ਸਕੇ।