ਪੱਤਰ ਪ੍ਰੇਰਕ
ਖਰੜ, 4 ਜੁਲਾਈ
ਖਰੜ ਨਗਰ ਕੌਸਲ ਅਧੀਨ ਪੈਂਦੇ ਪਿੰਡ ਦੇਸੂਮਾਜਰਾ ਵਿੱਚ ਸਰਕਾਰੀ ਹਾਈ ਸਕੂਲ ਦੇ ਮੇਨ ਗੇਟ ਸਾਹਮਣੇ ਬਣੀ ਸੜਕ ਨੂੰ ਪਿੰਡ ਵਾਸੀਆ ਵੱਲੋਂ ਪੁੱਟ ਦੇਣ ਕਾਰਨ ਸਕੂਲ ਵਿੱਚ ਬਰਸਾਤੀ ਪਾਣੀ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਇੱਥੇ ਲਗਪੱਗ ਦੋ-ਦੋ ਫੁੱਟ ਪਾਣੀ ਖੜਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਸਬੰਧੀ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਦੀ ਮੁੱਖ ਅਧਿਆਪਿਕਾ ਵੱਲੋਂ ਖਰੜ ਦੇ ਐੱਸਡੀਐੱਮ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਵੀ ਸਕੂਲ ਦੇ ਵਿੱਚ ਪਾਣੀ ਭਰਿਆ ਹੋਇਆ ਹੈ। ਇਹ ਪਾਣੀ ਸਕੂਲ ਦੇ ਕਲਾਸ ਰੂਮਾਂ ਅਤੇ ਮੁੱਖ ਦਫਤਰ ਵਿਚ ਦਾਖਲ ਹੋ ਗਿਆ ਹੈ। ਇਸ ਪਾਣੀ ਨਾਲ ਸਕੂਲ ਦਾ ਰਿਕਾਰਡ ਅਤੇ ਦਾਖਿਲਾ ਦਸਤਾਵੇਜ ਆਦਿ ਵੀ ਖਰਾਬ ਹੋ ਗਏ ਹਨ।ਇਸ ਪਾਣੀ ਦੇ ਸਕੂਲ ਵਿਚ ਭਰਨ ਕਾਰਨ ਬਿਲਡਿੰਗ ਨੂੰ ਨੁਕਸਾਨ ਹੋ ਰਿਹਾ ਹੈ। ਇਹ ਬਿਲਡਿੰਗ 1953 ਦੀ ਬਣੀ ਹੋਈ ਹੈ ਅਤੇ ਪੁਰਾਣੀ ਹੋਣ ਕਾਰਨ ਜ਼ਿਆਦਾ ਮਜਬੂਤ ਨਹੀਂ ਹੈ ਜਿਸ ਨਾਲ ਵਿਦਿਆਰਥੀਆਂ ਦੇ ਜਾਨੀ ਨੁਕਸਾਨ ਦਾ ਵੀ ਖਤਰਾ ਹੈ। ਇਸੇ ਦੌਰਾਨ ਬਲਜੀਤ ਸਿੰਘ ਖਾਲਸਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਇਸ ਵੱਲ ਧਿਆਨ ਦੇਵੇ ਅਤੇ ਇਸ ਸਕੂਲ ਵਿਚ ਬਰਸਾਤੀ ਪਾਣੀ ਬਿਲਕੁਲ ਦਾਖਲ ਨਾ ਹੋਵੇ ਅਤੇ ਇਸ ਸਬੰਧੀ ਪੱਕਾ ਪ੍ਰਬੰਧ ਕਰੇ।