ਪੱਤਰ ਪ੍ਰੇਰਕ
ਘਨੌਲੀ, 2 ਜੁਲਾਈ
ਪੁਲੀਸ ਚੌਕੀ ਭਰਤਗੜ੍ਹ ਦੇ ਸਬ ਇੰਸਪੈਕਟਰ ਸਰਤਾਜ ਸਿੰਘ ਅਤੇ ਥਾਣਾ ਸਦਰ ਕੀਰਤਪੁਰ ਸਾਹਿਬ ਦੇ ਏਐੱਸਆਈ ਰਾਮ ਕੁਮਾਰ ਦੀ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ 580 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਬ ਇੰਸਪੈਕਟਰ ਸਰਤਾਜ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਪੁਲੀਸ ਵੱਲੋਂ ਮਨਾਲੀ ਰੋਡ ’ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਦੇ ਸਬੰਧ ਵਿੱਚ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਪੁਲੀਸ ਨੂੰ ਇੱਕ ਮੋਟਰਸਾਈਕਲ ’ਤੇ ਦੋ ਸ਼ੱਕੀ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੇ ਪੁਲੀਸ ਨੂੰ ਦੇਖ ਕੇ ਆਪਣੀ ਜੇਬ ਵਿੱਚੋਂ ਇਕ ਮੋਮੀ ਲਿਫਾਫਾ ਕੱਢ ਕੇ ਝਾੜੀਆਂ ਵੱਲ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲੀਸ ਨੇ ਨੌਜਵਾਨਾਂ ਨੂੰ ਕਾਬੂ ਕਰ ਕੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 10 ਪੱਤੇ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਹੋਏ। ਇਨ੍ਹਾਂ ਵਿੱਚ ਕੁੱਲ 580 ਨਸ਼ੀਲੀਆਂ ਗੋਲੀਆਂ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨਵੀਰ ਸਿੰਘ ਵਾਸੀ ਮਟੌਰ, ਥਾਣਾ ਸ੍ਰੀ ਆਨੰਦਪੁਰ ਸਾਹਿਬ ਅਤੇ ਮਨਦੀਪ ਸਿੰਘ ਵਾਸੀ ਹੇਠਲਾ ਦਬੂੜ, ਥਾਣਾ ਸ੍ਰੀ ਕੀਰਤਪੁਰ ਸਾਹਿਬ ਵਜੋਂ ਹੋਈ ਹੈ।