ਪੱਤਰ ਪ੍ਰੇਰਕ
ਅਮਲੋਹ, 15 ਸਤੰਬਰ
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਿੱਤ ਦਿਨ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਲਕਾ ਅਮਲੋਹ ਦੀਆਂ ਸੜਕਾਂ ਵਿਚ ਪਏ ਵੱਡੇ-ਵੱਡੇ ਟੋਏ ਸਰਕਾਰ ਦੇ ਵਿਕਾਸ ਕਾਰਜਾਂ ਤੇ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ, ਜਿਸ ਦੀ ਮਿਸਾਲ ਨੂਰਪੁਰਾ ਤੋਂ ਪਿੰਡ ਭਗਵਾਨਪੁਰਾ ਨੂੰ ਜਾਣ ਵਾਲੀ ਸੜਕ ਵਿੱਚ ਪਏ ਟੋਇਆ ਤੋਂ ਮਿਲਦੀ ਹੈ। ਭਗਵਾਨਪੁਰਾ ਦੇ ਨੌਜਵਾਨ ਹਰਪਾਲ ਸਿੰਘ ਤੇ ਪ੍ਰਿਸ ਨੇ ਦੱਸਿਆ ਕਿ ਨੂਰਪੁਰਾ ਤੋਂ ਭਗਵਾਨਪੁਰਾ ਨੂੰ ਜੋੜਦੀ 2 ਕਿੱਲੋਮੀਟਰ ਸੜਕ ’ਤੇ ਵੱਡੇ-ਵੱਡੇ ਟੋਏ ਪੈ ਗਏ, ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਾਦਸੇ ਵਾਪਰਨ ਕਾਰਨ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਮਾਮਲਾ ਧਿਆਨ ਵਿਚ ਵੀ ਲਿਆਂਦਾ ਪਰ ਹੁਣ ਤੱਕ ਪੈਚ ਵਰਕ ਤੱਕ ਨਹੀਂ ਕੀਤਾ ਗਿਆ।
ਹਲਕਾ ਅਮਲੋਹ ਤੋਂ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਝੂਠੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਅਮਲੋਹ ਅੰਦਰ 2 ਦਰਜਨ ਲਿੰਕ ਸੜਕਾਂ ਅਜਿਹੀਆਂ ਹਨ ਜਿਨ੍ਹਾਂ ’ਤੇ ਪਿਛਲੇ 7 ਮਹੀਨਿਆਂ ਤੋਂ ਪੱਥਰ ਹੀ ਪਏ ਦਿਖਾਈ ਦੇ ਰਹੇ ਹਨ, ਜਿਸ ਕਾਰਨ ਇਨ੍ਹਾਂ ਸੜਕਾਂ ਤੋਂ ਲੰਘਣਾ ਵੀ ਮੁਸ਼ਕਲ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸੜਕਾਂ ਦੀ ਹਾਲਤ ਵਿਚ ਤੁਰੰਤ ਸੁਧਾਰ ਲਿਆਂਦਾ ਜਾਵੇ।