ਕੁਲਦੀਪ ਸਿੰਘ
ਚੰਡੀਗੜ੍ਹ, 6 ਦਸੰਬਰ
ਇਥੋਂ ਦੇ ਸੈਕਟਰ-52 ਵਾਸੀ 39 ਸਾਲਾਂ ਦੇ ਕਰੋਨਾ ਪੀੜਤ ਮਰੀਜ਼ ਦੀ ਸਰਕਾਰੀ ਹਸਪਤਾਲ ਸੈਕਟਰ-16 ਵਿਚ ਮੌਤ ਹੋ ਗਈ ਹੈ। ਉਹ ਨਿਮੋਨੀਆ ਤੋਂ ਵੀ ਪੀੜਤ ਸੀ। ਇਸੇ ਤਰ੍ਹਾਂ ਸੈਕਟਰ-49 ਨਿਵਾਸੀ ਬਿਰਧ ਔਰਤ ਦੀ ਜੀ.ਐਮ.ਸੀ.ਐਚ.-32 ਵਿਚ ਮੌਤ ਹੋਈ ਹੈ। ਉਹ ਡਾਇਬੀਟੀਜ਼ ਤੇ ਹਾਈਪਰਟੈਨਸ਼ਨ ਤੋਂ ਵੀ ਪੀੜਤ ਸੀ। ਸ਼ਹਿਰ ਵਿੱਚ ਅੱਜ ਕਰੋਨਾ ਦੇ 101 ਨਵੇਂ ਕੇਸ ਸਾਹਮਣੇ ਆਏ ਹਨ ਤੇ ਮਰੀਜ਼ਾਂ ਦਾ ਕੁੱਲ ਅੰਕੜਾ 18027 ਹੋ ਗਿਆ ਹੈ। ਇਸੇ ਦੌਰਾਨ 60 ਮਰੀਜ਼ਾਂ ਨੂੰ ਅੱਜ ਡਿਸਚਾਰਜ ਕੀਤਾ ਗਿਆ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 922 ਹੈ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 83 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਚਕੂਲਾ ਇਲਾਕੇ ਨਾਲ ਸਬੰਧਤ 66 ਕੇਸ ਹਨ। ਇਸੇ ਦੌਰਾਨ ਵਾਇਰਸ ਕਾਰਨ ਦੋ ਮੌਤਾਂ ਵੀ ਹੋਈਆਂ ਹਨ। ਮਰਨ ਵਾਲਾ ਇਕ ਵਿਅਕਤੀ ਸੈਕਟਰ-25 ਦਾ ਵਸਨੀਕ ਸੀ ਤੇ ਇਕ ਮਹਿਲਾ ਸੈਕਟਰ-17 ਦੀ ਰਹਿਣ ਵਾਲੀ ਸੀ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਜ਼ਿਲ੍ਹੇ ਵਿੱਚ 536 ਕੇਸ ਐਕਟਿਵ ਕੇਸ ਹਨ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸੂ ਸੂਦ): ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੇ 14 ਨਵੇਂ ਕੇਸ ਸਾਹਮਣੇ ਆਏ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 55 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 162 ਵਿਅਕਤੀਆਂ ਦੇ ਅੱਜ ਹੋਰ ਸੈਂਪਲ ਲਏ ਗਏ ਹਨ।
ਰੂਪਨਗਰ (ਬਹਾਦਰਜੀਤ ਸਿੰਘ): ਜ਼ਿਲ੍ਹੇ ਵਿੱਚ ਅੱਜ 20 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ ਇਕ ਮਹਿਲਾ ਦੀ ਮੌਤ ਹੋਈ ਹੈ। ਵੇਰਵਿਆਂ ਅਨੁਸਾਰ ਰੂਪਨਗਰ ਇਲਾਕੇ ਵਿੱਚ 6, ਨੰਗਲ ਇਲਾਕੇ ਵਿੱਚ 7, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ ਇਕ, ਨੂਰਪੁਰ ਬੇਦੀ ਇਲਾਕੇ ਵਿੱਚ 4, ਮੋਰਿੰਡਾ ਇਲਾਕੇ ਵਿੱਚ 2 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸੇ ਦੌਰਾਨ ਰੂਪਨਗਰ ਦੀ 59 ਸਾਲਾਂ ਦੀ ਔਰਤ ਦੀ ਮੌਤ ਹੋਈ ਹੈ।
ਮੁਹਾਲੀ ਜ਼ਿਲ੍ਹੇ ਵਿੱਚ 157 ਨਵੇਂ ਕੇਸ; ਇਕ ਮੌਤ
ਮੁਹਾਲੀ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 157 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ 16,325 ਹੋ ਗਈ ਹੈ। ਇਸੇ ਦੌਰਾਨ 133 ਮਰੀਜ਼ ਸਿਹਤਯਾਬ ਹੋਏ ਹਨ। ਅੱਜ ਇਕ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋਈ ਹੈ। ਵੇਰਵਿਆਂ ਅਨੁਸਾਰ ਮੁਹਾਲੀ ਖੇਤਰ ਵਿੱਚ ਕਰੋਨਾ ਦੇ 120 ਕੇਸ, ਲਾਲੜੂ ਵਿੱਚ ਇਕ, ਬਨੂੜ ਵਿੱਚ 3, ਕੁਰਾਲੀ, ਢਕੋਲੀ ਤੇ ਡੇਰਾਬੱਸੀ ਵਿੱਚ 6-6, ਘੜੂੰਆਂ ਵਿੱਚ 7 ਅਤੇ ਖਰੜ ਵਿੱਚ ਅੱਠ ਕੇਸ ਸਾਹਮਣੇ ਆਏ ਹਨ।