ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਚੰਡੀਗੜ੍ਹ ਪੁਲੀਸ ਨੇ ਸਾਈਬਰ ਕ੍ਰਾਈਮ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 35.70 ਲੱਖ ਰੁਪਏ ਨਕਦ ਅਤੇ 12.94 ਲੱਖ ਰੁਪਏ ਦੇ ਗਹਿਣੇ ਬਰਾਮਦ ਹੋਏ ਹਨ। ਪੁਲੀਸ ਮੁਤਾਬਿਕ ਮੁਲਜ਼ਮਾਂ ਦੀ ਪਛਾਣ ਚੌਹਾਨ ਰਤਨ ਅਤੇ ਪਰਮਾਰ ਰਾਜੇਸ਼ਜੀ ਵਾਸੀ ਸੈਕਟਰ-47 ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਥਾਣਾ ਸਾਰੰਗਪੁਰ ਦੀ ਪੁਲੀਸ ਨੇ ਕੀਤੀ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਹੈਕਿੰਗ ਅਤੇ ਹੋਰਨਾਂ ਢੰਗ ਨਾਲ ਆਨਲਾਈਨ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਦੋਵਾਂ ਨੇ ਸ਼ਹਿਰ ਦੇ ਵੱਡੀ ਗਿਣਤੀ ਲੋਕਾਂ ਨਾਲ ਧੋਖਾਧੜੀ ਕੀਤੀ ਤੇ ਇਸ ਰਕਮ ਨਾਲ ਗਹਿਣੇ ਅਤੇ ਹੋਰ ਸਾਮਾਨ ਖਰੀਦ ਲਿਆ। ਥਾਣਾ ਸਾਰੰਗਪੁਰ ਦੀ ਪੁਲੀਸ ਨੇ ਦੋਵਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਵਿੱਢ ਦਿੱਤੀ ਹੈ।
ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ
ਜ਼ੀਰਕਪੁਰ (ਹਰਜੀਤ ਸਿੰਘ): ਇੱਥੋਂ ਦੀ ਪੁਲੀਸ ਨੇ ਵਿਦੇਸ਼ੀ ਲੋਕਾਂ ਨਾਲ ਆਨਲਾਈਨ ਠੱਗੀ ਮਾਰਨ ਵਾਲੇ ਇਕ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਸਾਈਬਰ ਸੈੱਲ ਮੁਹਾਲੀ ਦੇ ਇੰਚਾਰਜ ਜਸਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇਸ ਗਰੋਹ ਨੇ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਗਲੋਬਲ ਬਿਜ਼ਨਸ ਮਾਲ ਵਿੱਚ ਇਕ ਜਾਅਲੀ ਦਫ਼ਤਰ ਖੋਲ੍ਹਿਆ ਹੋਇਆ ਹੈ, ਜਿੱਥੇ ਇਹ ਵਿਦੇਸ਼ੀ ਲੋਕਾਂ ਨੂੰ ਵੱਖ ਵੱਖ ਕੰਪਨੀਆਂ ਦੀ ਕਸਟਮਰ ਸੇਵਾਵਾਂ ਦੇਣ ਦੇ ਬਹਾਨੇ ਐਨੀ ਡੈਸਟ ਐਪ ਰਾਹੀਂ ਠੱਗੀ ਮਾਰਦੇ ਸਨ। ਪੁਲੀਸ ਨੇ ਸੂਹ ਦੇ ਆਧਾਰ ’ਤੇ ਦਫ਼ਤਰ ਵਿੱਚ ਛਾਪਾ ਮਾਰ ਕੇ ਮੋਹਿਤ ਸਕਸੈਨਾ ਵਾਸੀ ਪਟਿਆਲਾ, ਪ੍ਰਸਾਦ ਵਰਮਾ ਹਾਲ ਵਾਸੀ ਮੇਰਠ, ਉੱਤਰ ਪ੍ਰਦੇਸ਼ ਹਾਲ ਵਾਸੀ ਜ਼ੀਰਕਪੁਰ, ਚੇਤਨ ਕੁਮਾਰ ਵਾਸੀ ਮੂਲਰੂਪ ਹਿਮਾਚਲ ਪ੍ਰਦੇਸ਼ ਹਾਲ ਵਾਸੀ ਜ਼ੀਰਕਪੁਰ, ਸਾਹਿਲ ਸ਼ਰਮਾ ਵਾਸੀ ਚੰਡੀਗੜ੍ਹ ਅਤੇ ਜਤਿਨ ਵਾਸੀ ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ।