ਅਜੈ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 23 ਜੂਨ
ਵਿਜੀਲੈਂਸ ਬਿਊਰੋ ਦੀ ਫ਼ਤਹਿਗੜ੍ਹ ਸਾਹਿਬ ਟੀਮ ਵੱਲੋਂ ਰਿਸ਼ਵਤ ਦੇ ਲੈਣ-ਦੇਣ ਸਬੰਧੀ ਦੋਸ਼ ਹੇਠ ਕਥਿਤ ਸ਼ਿਵ ਸੈਨਾ ਆਗੂ ਹਰਪ੍ਰੀਤ ਸਿੰਘ ਲਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਦੀ ਫ਼ਤਹਿਗੜ੍ਹ ਸਾਹਿਬ ਯੂਨਿਟ ਦੇ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਵਾਸੀ ਪਿੰਡ ਭੱਲਮਾਜਰਾ ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ 31 ਮਾਰਚ ਨੂੰ ਉਹ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਸੜਕ ’ਤੇ ਇੱਕ ਅਣਪਛਾਤੇ ਵਿਅਕਤੀ ਨੂੰ ਤੜਫਦਾ ਵੇਖਿਆ। ਉਹ ਉਸ ਨੂੰ ਹਸਪਤਾਲ ਲੈ ਗਿਆ, ਪਰ ਉਥੇ ਉਸ ਦੀ ਮੌਤ ਹੋ ਗਈ।
ਹਰਬੰਸ ਸਿੰਘ ਨੇ ਦੱਸਿਆ ਕਿ ਅਗਲੇ ਦਿਨ ਉਸ ਨੂੰ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਥਾਣੇ ਸੱਦਿਆ ਤੇ ਉਸ ’ਤੇ 302 ਦਾ ਕੇਸ ਦਰਜ ਕਰਨ ਦੀ ਗੱਲ ਕਹੀ। ਇਸ ਮੌਕੇ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੇ ਹਰਪ੍ਰੀਤ ਸਿੰਘ ਲਾਲੀ ਨੇ ਉਸ ਨੂੰ ਕਿਹਾ ਕਿ ਮਾਮਲਾ ਖ਼ਤਮ ਕਰਨ ਲਈ ਪੰਜਾਹ ਹਜ਼ਾਰ ਰੁਪਏ ਲੱਗਣਗੇ। ਹਰਬੰਸ ਸਿੰਘ ਨੇ ਮੌਕੇ ’ਤੇ ਦਸ ਹਜ਼ਾਰ ਰੁਪਏ ਦੇ ਦਿੱਤੇ ਤੇ ਬਾਕੀ ਚਾਲੀ ਹਜ਼ਾਰ ਰੁਪਏ 5 ਅਪਰੈਲ ਨੂੰ ਲਾਸ਼ ਦਾ ਸਸਕਾਰ ਕਰਨ ਮੌਕੇ ਹਰਪ੍ਰੀਤ ਸਿੰਘ ਲਾਲੀ ਰਾਹੀਂ ਥਾਣੇਦਾਰ ਮੇਜਰ ਸਿੰਘ ਨੂੰ ਭਿਜਵਾ ਦਿੱਤੇ। ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੀਆਂ ਗਈਆਂ ਕਾਲ ਰਿਕਾਰਡਿੰਗਾਂ ਦੇ ਆਧਾਰ ’ਤੇ ਵਿਜੀਲੈਂਸ ਵੱਲੋਂ ਹਰਪ੍ਰੀਤ ਸਿੰਘ ਲਾਲੀ ਵਾਸੀ ਸਰਹਿੰਦ ਸ਼ਹਿਰ ਅਤੇ ਸਹਾਇਕ ਥਾਣੇਦਾਰ ਮੇਜਰ ਸਿੰਘ ਵਿਰੁੱਧ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਰਿਸ਼ਵਤ ਮਾਮਲਾ: ਸਹਾਇਕ ਥਾਣੇਦਾਰ ਅਤੇ ਹੌਲਦਾਰ ਨਾਮਜ਼ਦ
ਸਥਾਨਕ ਵਿਜੀਲੈਂਸ ਬਿਊਰੋ ਦੀ ਫ਼ਤਹਿਗੜ੍ਹ ਸਾਹਿਬ ਯੂਨਿਟ ਵੱਲੋਂ ਥਾਣਾ ਮੰਡੀ ਗੋਬਿੰਦਗੜ੍ਹ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਗੁਰਭੇਜ ਸਿੰਘ ਤੇ ਹੌਲਦਾਰ ਗਿਆਨ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਤਪਾਲ ਸਿੰਘ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਪਲਾਟ ਦੀ ਮਾਲਕੀ ਸਬੰਧੀ ਚੱਲ ਰਹੇ ਵਿਵਾਦ ਵਿੱਚ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਪਤਨੀ ਕਮਲਜੀਤ ਕੌਰ ਤੇ ਲੜਕੇ ਸੁਖਚੈਨ ਸਿੰਘ ਨੂੰ ਨਾਮਜ਼ਦ ਕੀਤਾ ਸੀ। ਕੇਸ ਵਿੱਚੋਂ ਕਮਲਜੀਤ ਤੇ ਸੁਖਚੈਨ ਦਾ ਨਾਂ ਕਢਵਾਉਣ ਲਈ ਉਸ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸ ਵਿੱਚੋਂ ਪੰਜ ਹਜ਼ਾਰ ਰੁਪਏ ਉਸ ਨੇ ਮੌਕੇ ’ਤੇ ਦੇ ਦਿੱਤੇ। ਸ਼ਿਕਾਇਤਕਰਤਾ ਨੇ ਇਸ ਗੱਲਬਾਤ ਦੀ ਰਿਕਾਰਡਿੰਗ ਵੀ ਵਿਜੀਲੈਂਸ ਨੂੰ ਦਿੱਤੀ ਹੈ, ਜਿਸ ਦੇ ਆਧਾਰ ’ਤੇ ਵਿਜੀਲੈਂਸ ਵੱਲੋਂ ਉਕਤ ਥਾਣੇਦਾਰ ਤੇ ਹੌਲਦਾਰ ਵਿਰੁੱਧ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ।