ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 20 ਜੁਲਾਈ
ਮੁਹਾਲੀ ਪੁਲੀਸ ਨੇ ਇੱਥੋਂ ਦੇ ਫੇਜ਼-9 ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੇ ਅਰੁਣ ਭਾਰਦਵਾਜ (29) ਦੇ ਕਤਲ ਮਾਮਲੇ ਵਿੱਚ ਦੋ ਜਣਿਆਂ ਰਿੰਕੂ ਤੇ ਕਮਲ ਗਰੇਵਾਲ ਵਾਸੀ ਜੈਤੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਮੇਲ ਨਰਸ ਵਜੋਂ ਨੌਕਰੀ ਕਰਦਾ ਸੀ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਡੀਐੱਸਪੀ ਦੀਪ ਕੰਵਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਸਥਿਤ ਪੀਜੀ ’ਚ ਰਹਿੰਦੇ ਸਨ। ਪੁਲੀਸ ਇਨ੍ਹਾਂ ਦੇ ਤਿੰਨ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ ਜੋ ਵਾਰਦਾਤ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਵਾਰਦਾਤ ਉਪਰੰਤ ਕਮਲ ਗਰੇਵਾਲ ਅਤੇ ਰਿੰਕੂ ਕੁੰਭੜਾ ਪੀਜੀ ਵਿੱਚ ਛੁਪੇ ਹੋਏ ਸਨ ਜਿਨ੍ਹਾਂ ਨੂੰ ਪੀਜੀ ਹਾਊਸ ’ਚੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਮੁੱਢਲੀ ਪੁੱਛਗਿਛ ਦੌਰਾਨ ਪੁਲੀਸ ਕੋਲ ਮੰਨਿਆ ਹੈ ਕਿ ਸ਼ਨਿੱਚਰਵਾਰ ਦੇਰ ਰਾਤ ਉਹ ਵਣ ਭਵਨ ਨੇੜੇ ਸ਼ਰਾਬ ਦੇ ਠੇਕੇ ਦੇ ਬਾਹਰ ਖਾ-ਪੀ ਰਹੇ ਸਨ ਕਿ ਐਨੇ ਵਿੱਚ ਅਰੁਣ ਭਾਰਦਵਾਜ ਅਤੇ ਉਸ ਦਾ ਸਾਥੀ ਡਾਕਟਰ ਵੀ ਉੱਥੇ ਆ ਗਏ। ਇਸ ਦੌਰਾਨ ਇਕ ਭਿਖਾਰੀ ਨੇ ਭੀਖ ਮੰਗੀ ਤਾਂ ਮੁਲਜ਼ਮਾਂ ਨੇ ਉਸ ਨੂੰ 40 ਰੁਪਏ ਦੇ ਦਿੱਤੇ ਜਿਸ ਦਾ ਵਿਰੋਧ ਕਰਦਿਆਂ ਅਰੁਣ ਨੇ ਕਿਹਾ ਕਿ ਭਿਖਾਰੀਆਂ ਨੂੰ ਜ਼ਿਆਦਾ ਸਿਰ ਨਾ ਚੜ੍ਹਾਊਣ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ ਅਤੇ ਗੱਲ ਖੂਨੀ ਝੜਪ ਤੱਕ ਪਹੁੰਚ ਗਈ। ਇਸ ਦੌਰਾਨ ਕਮਲ ਗਰੇਵਾਲ ਅਤੇ ਉਸ ਦੇ ਸਾਥੀਆਂ ਨੇ ਅਰੁਣ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।