ਪੱਤਰ ਪ੍ਰੇਰਕ
ਖਰੜ, 9 ਨਵੰਬਰ
ਥਾਣਾ ਸਿਟੀ ਦੀ ਪੁਲੀਸ ਨੇ ਪਹਿਲਾਂ ਦਰਜ ਕੇਸਾਂ ਸਬੰਧੀ ਚੱਲ ਰਹੇ ਮੁਕੱਦਮਿਆਂ ਦੀ ਪੇਸ਼ੀ ਤੋਂ ਭਗੌੜੇ ਹੋਣ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਰੁੱਧ ਧਾਰਾ 174 ਏ ਆਈਪੀਸੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਏਐੱਸਆਈ ਪ੍ਰੇਮ ਚੰਦ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਵਿਰੁੱਧ ਸਾਲ 2015 ਵਿੱਚ ਅਸਲਾ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ ਪਰ ਉਹ ਇਸ ਸਬੰਧੀ ਅਦਾਲਤ ’ਚ ਚੱਲਦੇ ਮੁਕੱਦਮੇ ਦੀ ਪੇਸ਼ੀ ਤੋਂ ਭਗੌੜਾ ਸੀ। ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਏਐੱਸਆਈ ਵਲੈਤੀ ਰਾਮ ਨੇ ਦੱਸਿਆ ਕਿ ਬਲਜੀਤ ਸਿੰਘ ਵਾਸੀ ਲੁਧਿਆਣਾ ਵਿਰੁੱਧ ਸਾਲ 2015 ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਹੋਇਆ ਸੀ ਪਰ ਉਹ ਇਸ ਸਬੰਧੀ ਮੁਕੱਦਮੇ ਦੀ ਪੇਸ਼ੀ ਤੋਂ ਭਗੌੜਾ ਸੀ। ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।