ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 23 ਸਤੰਬਰ
ਫਰੈਂਚ ਡਿਵੈਲਪਮੈਂਟ ਏਜੰਸੀ ਏਐੱਫਡੀ ਅਤੇ ਈਯੂ ਤੋਂ ਮਾਹਿਰਾਂ ਦੇ ਇਕ ਵਫ਼ਦ ਵੱਲੋਂ 24 ਘੰਟੇ ਪੈਨ ਸਿਟੀ ਵਾਟਰ ਸਪਲਾਈ ਪ੍ਰਾਜੈਕਟ ਦੀ ਸਮੀਖਿਆ ਸਬੰਧੀ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ ਗਿ ਆ। ਇਹ ਟੀਮ ਪ੍ਰਾਜੈਕਟ ਦੇ ਤਕਨੀਕੀ ਪਹਿਲੂਆਂ ਦਾ ਅਧਿਐਨ ਕਰੇਗੀ ਅਤੇ 25 ਸਤੰਬਰ ਤੱਕ ਪ੍ਰਾਜੈਕਟ ਸਾਈਟਾਂ ਦਾ ਦੌਰਾ ਕਰੇਗੀ। ਪ੍ਰਾਜੈਕਟ ਦੇ ਵੇਰਵਿਆਂ ਦੀ ਸਮੀਖਿਆ ਲਈ ਟੀਮ ਨੇ ਨਗਰ ਨਿਗਮ ਕਮਿਸ਼ਨਰ-ਕਮ-ਸੀਈਓ ਚੰਡੀਗੜ੍ਹ ਸਮਾਰਟ ਸਿਟੀ ਲਿਮਿਟਡ ਅਨਿੰਦਿਤਾ ਮਿੱਤਰਾ ਸਮੇਤ ਨਗਰ ਨਿਗਮ ਦੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਚੰਡੀਗੜ੍ਹ ਪੁੱਜੇ ਵਫਦ ਵਿੱਚ ਸ਼ਾਮਲ ਏਐੱਫਡੀ ਤੋਂ ਪੀਅਰ ਤੇ ਅੰਕਿਤ ਅਤੇ ਈਯੂ ਤੋਂ ਡੈਲਫਾਈਨ ਤੇ ਜਤਿਨ ਦੀ ਟੀਮ ਦਾ ਸਵਾਗਤ ਕੀਤਾ। ਨਿਗਮ ਕਮਿਸ਼ਨਰ ਨੇ ਚੰਡੀਗੜ੍ਹ ਵਿੱਚ 24 ਘੰਟੇ ਪਾਣੀ ਦੀ ਸਪਲਾਈ ਲਈ ਵਿੱਤੀ ਸਹਾਇਤਾ ਦੇਣ ਵਾਸਤੇ ਈਯੂ ਅਤੇ ਇਸ ਬਾਰੇ ਲੋੜੀਂਦੀ ਰਾਸ਼ੀ ਦੇ ਕਰਜ਼ ਦੀ ਮਨਜ਼ੂਰੀ ਦੇਣ ਲਈ ਏਐਫਡੀ ਦਾ ਧੰਨਵਾਦ ਕੀਤਾ। ਕਮਿਸ਼ਨਰ ਨੇ ਦੱਸਿਆ ਕਿ ਫਰਾਂਸ ਦੀ ਟੀਮ ਨਾਲ ਕੀਤੀ ਗਈ ਮੀਟਿੰਗ ਦੌਰਾਨ ਸ਼ਹਿਰ ਵਿੱਚ 24 ਘੰਟੇ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਦੇ ਵੱਖ-ਵੱਖ ਤਕਨੀਕੀ ਪਹਿਲੂਆਂ ’ਤੇ ਚਰਚਾ ਕੀਤੀ ਗਈ, ਜਿਸ ਵਿੱਚ ਵਿਸਥਾਰ ਯੋਜਨਾ, ਵਿੱਤੀ, ਵਾਤਾਵਰਨ ਅਤੇ ਸਮਾਜਿਕ ਪ੍ਰਭਾਵ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਖਰੀਦ ਦੇ ਢੰਗ, ਜਨਤਾ ਵਿੱਚ ਇਸ ਦੀ ਅਨੁਕੂਲਤਾ, ਸਮਰੱਥਾ ਨਿਰਮਾਣ, ਪ੍ਰਾਜੈਕਟ ਦੇ ਕੰਮਕਾਜ ਅਤੇ ਜਨਤਕ ਪ੍ਰਭਾਵ ਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੁੱਲ 591.57 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨੂੰ ਏਐੱਫਡੀ/ਈਯੂ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਲਈ 48 ਮਿਲੀਅਨ ਯੂਰੋ ਦੇ ਕਰਜ਼ੇ ਅਤੇ 11.38 ਮਿਲੀਅਨ ਯੂਰੋ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ। ਡੀਈਏ ਤੇ ਏਐੱਫਡੀ ਵਿਚਾਲੇ ਕ੍ਰੈਡਿਟ ਲਾਇਬਿਲਟੀ ਸਮਝੌਤੇ ’ਤੇ ਛੇਤੀ ਹੀ ਦਸਤਖਤ ਕੀਤੇ ਜਾਣਗੇ। ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਫਰੈਂਚ ਮਾਹਰਾਂ ਦੀ ਟੀਮ ਨੇ ਇੱਥੇ ਸੈਕਟਰ 39 ਦੇ ਮੁੱਖ ਵਾਟਰ ਵਰਕਸ, ਰੀਸੈਟਲਮੈਂਟ ਕਲੋਨੀਆਂ, ਝੁੱਗੀ-ਝੋਪੜੀਆਂ ਵਾਲੀਆਂ ਕਲੋਨੀਆਂ ਅਤੇ ਨਗਰ ਨਿਗਮ ਦਫਤਰ ਦਾ ਦੌਰਾ ਕਰ ਕੇ ਇਸ ਦੀ ਸਪਲਾਈ ਪ੍ਰਣਾਲੀ ਦਾ ਮੁਲਾਂਕਣ ਕਰੇਗੀ।