ਐਸ.ਏ.ਐਸ. ਨਗਰ (ਮੁਹਾਲੀ): ਮੁਹਾਲੀ ਟਰੈਫ਼ਿਕ ਪੁਲੀਸ ਨੇ ਇਕ ਔਰਤ ਨੂੰ ਸੜਕ ’ਤੇ ਡਿੱਗਿਆ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਦਿੱਤੀ ਹੈ। ਇਹ ਜਾਣਕਾਰੀ ਦਿੰਦਿਆਂ ਟਰੈਫ਼ਿਕ ਪੁਲੀਸ ਦੇ ਏਐਸਆਈ ਬਿਜੇਂਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਐਕਟਿਵਾ ’ਤੇ ਜਾ ਰਹੀ ਔਰਤ ਦਾ ਪਰਸ ਸੜਕ ’ਤੇ ਡਿੱਗ ਗਿਆ। ਜਿਵੇਂ ਹੀ ਉਸ ਦੀ ਨਜ਼ਰ ਪਰਸ ’ਤੇ ਪਈ ਤਾਂ ਉਸ ਨੇ ਪਰਸ ਚੁੱਕ ਲਿਆ। ਪੁਲੀਸ ਮੁਲਾਜ਼ਮ ਹਾਲੇ ਪਰਸ ਨੂੰ ਖੋਲ੍ਹ ਕੇ ਚੈੱਕ ਹੀ ਕਰ ਰਹੇ ਸੀ ਕਿ ਇਸ ਦੌਰਾਨ ਪਰਸ ’ਚ ਪਏ ਔਰਤ ਦੇ ਮੋਬਾਈਲ ਫੋਨ ਦੀ ਘੰਟੀ ਖੜਕ ਗਈ। ਉਨ੍ਹਾਂ ਨੇ ਫੋਨ ਕਰਨ ਵਾਲੇ ਕਿਹਾ ਕਿ ਉਹ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪਹੁੰਚ ਕੇ ਆਪਣਾ ਪਰਸ ਲਿਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਰਸ ਵਿੱਚ ਲਗਪਗ 50 ਹਜ਼ਾਰ ਰੁਪਏ, ਸੋਨੇ ਦੇ ਗਹਿਣੇ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਪੁਲੀਸ ਕਰਮਚਾਰੀਆਂ ਨੇ ਸਬੰਧਤ ਔਰਤ ਨੂੰ ਪਾਰਸ ਅਤੇ ਸਾਰੇ ਪੈਸੇ ਅਤੇ ਗਹਿਣੇ ਵਾਪਸ ਕਰ ਦਿੱਤੇ। ਇਸ ਮੌਕੇ ਟਰੈਫ਼ਿਕ ਜ਼ੋਨ-2 ਦੇ ਹੌਲਦਾਰ ਮਹਿੰਦਰ ਸਿੰਘ ਵੀ ਮੌਜੂਦ ਸਨ।