ਆਤਿਸ਼ ਗੁਪਤਾ
ਚੰਡੀਗੜ੍ਹ, 23 ਫਰਵਰੀ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਚੰਡੀਗੜ੍ਹ ਦੀਆਂ ਵੱਖ-ਵੱਖ ਸਮਾਜ ਸੇਵੀ ਅਤੇ ਬੁੱਧੀਜੀਵੀਆਂ ਨੇ ‘ਪੱਗੜੀ ਸੰਭਾਲ ਜੱਟਾ’ ਲਹਿਰ ਦੇ ਮੋਢੀ ਅਜੀਤ ਸਿੰਘ ਦੇ 140ਵੇਂ ਜਨਮ ਦਿਹਾੜੇ ’ਤੇ ਸੈਕਟਰ-17 ਵਿੱਚ ਵੱਡਾ ਇਕੱਠ ਕੀਤਾ। ਇਸ ਮੌਕੇ ਫਿਲਮਕਾਰ ਦਰਸ਼ਨ ਸਿੰਘ ਔਲਖ ਅਤੇ ਅਦਾਕਾਰ ਯੋਗਰਾਜ ਸਿੰਘ ਵੀ ਸ਼ਾਮਿਲ ਹੋਏ।
ਪ੍ਰੋ. ਮਨਜੀਤ ਸਿੰਘ ਨੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਸਭ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਲੋਕ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ। ਇਨ੍ਹਾਂ ਫ਼ੈਸਲਿਆਂ ਦਾ ਵਿਰੋਧ ਕਰਨ ਵਾਲਿਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਸੰਘਰਸ਼ ਕਰ ਰਿਹਾ ਹੈ ਅਤੇ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਵਿੱਚ ਨੌਜਵਾਨਾਂ ਵੱਲੋਂ ਵੱਖ-ਵੱਖ ਚੌਕਾਂ ਵਿੱਚ ਆਪ ਮੁਹਾਰੇ ਹੋ ਕੇ ਕੇਂਦਰ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਧਰਨੇ ਦਿੱਤੇ ਗਏ। ਜਿਸ ਵਿੱਚ ਨੌਜਵਾਨਾਂ ਨੇ ਸ਼ਾਂਤਮਈ ਢੰਗ ਨਾਲ ਪਰਿਵਾਰਾਂ ਸਣੇ ਸ਼ਾਮਿਲ ਹੋ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ। ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੇ ਕਾਨੂੰਨ ਵਾਪਸ ਨਹੀਂ ਕਰਦੀ ਉਦੋਂ ਤੱਕ ਚੰਡੀਗੜ੍ਹ ਦੇ ਨੌਜਵਾਨ ਵੀ ਰੋਜ਼ਾਨਾ ਸ਼ਹਿਰ ਵਿੱਚ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ।
ਚੰਡੀਗੜ੍ਹ (ਕੁਲਦੀਪ ਸਿੰਘ): ਸਾਂਝੇ ਕਿਸਾਨ ਮੋਰਚੇ ਦੇ ਸੱਦੇ ਉਤੇ ਅੱਜ ਪੇਂਡੂ ਸੰਘਰਸ਼ ਕਮੇਟੀ ਦੇ ਬੈਨਰ ਹੇਠ ਯੂ.ਟੀ. ਚੰਡੀਗੜ੍ਹ ਦੇ ਵੱਖ-ਵੱਖ ਪਿੰਡਾਂ ਪਿੰਡ ‘ਪਗੜੀ ਸੰਭਾਲ ਦਿਵਸ’ ਮਨਾਇਆ ਗਿਆ। ਇਸ ਦੌਰਾਨ ਪਿੰਡਾਂ ਵਿੱਚ ਇਕੱਠੇ ਲੋਕਾਂ ਨੇ ਕੇਸਰੀ ਤੇ ਹਰੀਆਂ ਪੱਗਾਂ ਬੰਨ੍ਹ ਕੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਇੰਜ ਹੀ ਕਈ ਪਿੰਡਾਂ ਵਿੱਚ ਲੋਕਾਂ ਵੱਲੋਂ ਮੋਦੀ ਸਰਕਾਰ ਖਿਲਾਫ਼ ਰੋਸ ਮਾਰਚ ਅਤੇ ਮੋਮਬੱਤੀ ਮਾਰਚ ਕੱਢੇ ਗਏ।
ਪਿੰਡ ਖੁੱਡਾ ਅਲੀਸ਼ੇਰ ਵਿੱਚ ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਗੁਰਦਿਆਲ ਸਿੰਘ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਬੱਚੇ, ਬੁੱਢੇ ਅਤੇ ਜਵਾਨ ਸ਼ਾਮਿਲ ਹੋਏ। ਸਭਨਾਂ ਨੇ ਕੇਸਰੀ ਅਤੇ ਹਰੀਆਂ ਪੱਗਾਂ ਬੰਨ੍ਹ ਕੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਇਸੇ ਦੌਰਾਨ ਪਿੰਡ ਬਹਿਲਾਣਾ ਵਿੱਚ ਜਸਵਿੰਦਰ ਕੌਰ ਦੀ ਅਗਵਾਈ ਵਿੱਚ, ਪਿੰਡ ਡੱਡੂਮਾਜਰਾ ਵਿੱਚ ਅਮਰੀਕ ਸਿੰਘ ਦੀ ਅਗਵਾਈ ਵਿੱਚ, ਬੁੜੈਲ ਵਿੱਚ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਰਕੇ ਜਿੱਥੇ ਪਗੜੀ ਸੰਭਾਲ ਦਿਵਸ ਮੌਕੇ ਲੋਕਾਂ ਵਿੱਚ ਜੋਸ਼ ਭਰਿਆ ਗਿਆ ਉੱਥੇ ਹੀ ਖੇਤੀ ਕਾਨੂੰਨਾਂ ਦੀ ਖਿਲਾਫ਼ਤ ਕਰਦਿਆਂ ਕੇਂਦਰ ਵਿਚਲੀ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂਂ ਤੱਕ ਸੰਘਰਸ਼ ਜਾਰੀ ਰਹਿਣਗੇ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਸ਼ੰਭੂ ਟੌਲ ਪਲਾਜ਼ਾ ’ਤੇ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ‘ਪੱਗੜੀ ਸੰਭਾਲ ਜੱਟਾ’ ਦਿਵਸ ਦੇ ਰੂਪ ਵਿੱਚ ਮਨਾਇਆ। ਕਿਸਾਨਾਂ ਨੇ ਅਜੀਤ ਸਿੰਘ ਦੀ ਤਸਵੀਰ ’ਤੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਅਤੇ ਅਜੀਤ ਸਿੰਘ ਅਮਰ ਰਹੇ, ਇਨਕਲਾਬ ਜ਼ਿੰਦਾਬਾਦ ਤੇ ਪਗੜੀ ਸੰਭਾਲ ਜੱਟਾ ਨਾਅਰਿਆਂ ਨਾਲ ਉਨ੍ਹਾਂ ਨੂੰ ਯਾਦ ਕੀਤਾ। ਨੌਜਵਾਨ ਕਿਸਾਨਾਂ ਨੇ ਕੇਸਰੀ ਦਸਤਾਰਾਂ ਸਜਾ ਕੇ ਪ੍ਰਣ ਕੀਤਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਹੋਰ ਤੇਜ਼ ਕਰਨਗੇ।
ਰੂਪਨਗਰ (ਬਹਾਦਰਜੀਤ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਜਨਮ ਦਿਨ ਮੌਕੇ ਰੂਪਨਗਰ ਦੇ ਨੰਗਲ ਚੌਕ ਵਿੱਚ ਪੱਗੜੀ ਸੰਭਾਲ ਜੱਟਾ ਦਿਵਸ ਮਨਾਇਆ ਗਿਆ। ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਜਨਮ ਦਿਨ ’ਤੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੰਗਰੇਜ਼ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਬਣਾਏ ਕਾਨੂੰਨਾਂ ਖਿਲਾਫ਼ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਪੱਗੜੀ ਸੰਭਾਲ ਜੱਟਾ ਲਹਿਰ ਚਲਾ ਕੇ ਤਕੜੀ ਲੜਾਈ ਲੜੀ, ਇੰਜ ਅੰਗਰੇਜ਼ ਸਰਕਾਰ ਨੂੰ ਕਾਲ਼ੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ।
ਮੋਰਿੰਡਾ (ਸੰਜੀਵ ਤੇਜਪਾਲ): ਇੱਥੇ ਪਰਸ਼ੂਰਾਮ ਚੌਕ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰਾਂ ਵੱਲੋਂ ਖੇਤੀ ਕਾਨੂੰਨਾਂ ਸਬੰਧੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਰਪਾਲ ਸਿੰਘ ਦਤਾਰਪੁਰ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਕਾਰਨ ਹਰ ਵਰਗ ਵਿੱਚ ਦਿਨੋਂ-ਦਿਨ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਦੇਣਾ ਚਾਹੀਦਾ ਹੈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।
ਬਨੂੜ (ਕਰਮਜੀਤ ਸਿੰਘ ਚਿੱਲਾ): ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਅਜ਼ੀਜ਼ਪੁਰ ਦੇ ਟੌਲ ਪਲਾਜ਼ਾ ਉੱਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪਗੜੀ ਸੰਭਾਲ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਮੋਢੀ ਪ੍ਰਧਾਨ ਸਵਾਮੀ ਸਹਿਜਾਨੰਦ ਦਾ ਜਨਮ ਦਿਨ ਇਨਕਲਾਬੀ ਅਤੇ ਕਿਸਾਨੀ ਨਾਅਰਿਆਂ ਰਾਹੀਂ ਮਨਾਇਆ। ਇਸ ਮੌਕੇ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਸੀਲ, ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਸਿੱਧੂਪੁਰ ਏਕਤਾ ਗਰੁੱਪ ਦੇ ਕਿਰਪਾਲ ਸਿੰਘ ਸਿਆਊ, ਜਸਵੰਤ ਸਿੰਘ ਨੰਡਿਆਲੀ, ਤਰਲੋਚਨ ਸਿੰਘ, ਮਲਕੀਤ ਸਿੰਘ ਸਿਆਊ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਰਾਜੋਮਾਜਰਾ ਤੇ ਡਕੌਂਦਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ ਨੇ ਸੰਬੋਧਨ ਕੀਤਾ।
ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ
ਕੁਰਾਲੀ (ਮਿਹਰ ਸਿੰਘ): ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ‘ਸੰਘਰਸ਼ ਸਹਿਯੋਗ ਜਥੇ’ ਵੱਲੋਂ ਗੁੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਬਲਾਕ ਮਾਜਰੀ ਵਿੱਚ ਅਰਦਾਸ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਮਾਜਰੀ ਬਲਾਕ ਮਾਜਰੀ ਵਿੱਚ ਧਾਰਮਿਕ ਕਾਰਜਾਂ ਲਈ ਸੰਸਥਾ ‘ਸੰਘਰਸ਼ ਸਹਿਯੋਗ ਜਥਾ’ ਵੱਲੋਂ ਲੋਕ ਹਿੱਤ ਮਿਸ਼ਨ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਗ੍ਰੰਥੀ ਸਿੰਘ ਵੱਲੋਂ ਗੁਰਬਾਣੀ ਪਾਠ ਅਤੇ ਸੰਗਤ ਸਮੇਤ ਸੰਘਰਸ਼ ਦੀ ਸਫ਼ਲਤਾ, ਬੰਦੀ ਕਿਸਾਨਾਂ ਦੀ ਰਿਹਾਈ ਤੇ ਸ਼ਹੀਦ ਕਿਸਾਨਾਂ ਨਮਿੱਤ ਅਰਦਾਸ ਕੀਤੀ ਗਈ।
ਪੰਚਕੂਲਾ ਜ਼ਿਲ੍ਹੇ ਦੇ ਦੋਵੇਂ ਟੌਲ ਪਲਾਜ਼ਿਆਂ ’ਤੇ ਸੰਘਰਸ਼ ਜਾਰੀ
ਪੰਚਕੂਲਾ (ਪੀ.ਪੀ ਵਰਮਾ): ਪੰਚਕੂਲਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਦੋਵੇਂ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ ਹਨ। ਯੂਨੀਅਨ ਦੇ ਬਲਾਕ ਪ੍ਰਧਾਨ ਕਰਮ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨਾਂ ਤੋਂ ਇਲਾਵਾ ਕੁਝ ਵੀ ਮਨਜ਼ੂਰ ਨਹੀਂ ਹੈ। ਧਰਨੇ ਨੂੰ ਪੰਚਕੂਲਾ ਦੇ ਪਿੰਜ਼ੌਰ, ਕਾਲਕਾ ਰਾਏਪੁਰਰਾਣੀ, ਮੋਰਨੀ ਅਤੇ ਬਰਵਾਲਾ ਇਲਾਕੇ ਦੇ ਭਾਰੀ ਗਿਣਤੀ ਵਿੱਚ ਕਿਸਾਨਾਂ ਦਾ ਸਾਥ ਮਿਲ ਰਿਹਾ ਹੈ। ਬਲਾਕ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਸ ਤਰ੍ਹਾਂ ਵੀ ਯੂਨੀਅਨ ਦੇ ਲੀਡਰਾਂ ਦੀਆਂ ਹਦਾਇਤਾਂ ਮਿਲਦੀਆਂ ਹਨ ਉਹ ਉਸੇ ਤਰ੍ਹਾਂ ਹੀ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਚਲਾ ਰਹੇ ਹਨ।