ਹਰਜੀਤ ਸਿੰਘ
ਜ਼ੀਰਕਪੁਰ, 17 ਦਸੰਬਰ
ਯੂਨੀਅਨਾਂ ਦੀ ਬਹਾਲੀ ਨੂੰ ਲੈ ਕੇ ਟਰੱਕ ਅਪਰੇਟਰਾਂ ਦਾ ਰੋਸ ਵਧਦਾ ਜਾ ਰਿਹਾ ਹੈ। ਅਪਰੇਟਰਾਂ ਵੱਲੋਂ ਲੰਘੇ 11 ਦਿਨਾਂ ਤੋਂ 200 ਫੁੱਟੀ ਐਰੋ ਸਿਟੀ ਰੋਡ ’ਤੇ ਧਰਨਾ ਦਿੰਦੇ ਹੋਏ ਰੋਜ਼ਾਨਾ ਕੁਝ ਘੰਟਿਆਂ ਲਈ ਛੱਤ ਟਰੈਫਿਕ ਲਾਈਟਾਂ ’ਤੇ ਜਾਮ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਹਨ। ਕੋਈ ਸੁਣਵਾਈ ਹੋਣ ’ਤੇ ਅੱਜ ਅਪਰੇਟਰਾਂ ਨੇ ਆਪਣੀ ਥਾਂ ਬਦਲਦੇ ਹੋਏ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਮੈਕਡੌਨਲਡ ਚੌਕ ’ਤੇ ਧਰਨਾ ਲਾ ਦਿੱਤਾ ਅਤੇ ਚੰਡੀਗੜ੍ਹ-ਅੰਬਾਲਾ ਰੋਡ ਜਾਮ ਹੋਣ ਨਾਲ ਸਾਰਾ ਖੇਤਰ ਪੂਰੀ ਤਰ੍ਹਾਂ ਸੀਲ ਹੋ ਗਿਆ। ਅਪਰੇਟਰਾਂ ਨੇ ਤਕਰੀਬਨ ਚਾਰ ਵਜੇ ਜਾਮ ਲਾ ਕੇ ਅਤੇ ਤਿੰਨ ਘੰਟਿਆਂ ਬਾਅਦ ਸੱਤ ਵਜੇ ਜਾਮ ਖੋਲ੍ਹਿਆ। ਪਰ ਜਾਮ ਖੋਲ੍ਹਣ ਦੇ ਦੋ ਡੇਢ ਘੰਟੇ ਬਾਅਦ ਤੱਕ ਹਾਈਵੇਅ ਪੂਰੀ ਤਰ੍ਹਾਂ ਜਾਮ ਰਿਹਾ ਅਤੇ ਤਕਰੀਬਨ ਪੰਜ ਘੰਟੇ ਲੋਕ ਜਾਮ ਵਿੱਚ ਖੱਜਲ ਹੁੰਦੇ ਰਹੇ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਜਾਮ ਹੋਣ ਨਾਲ ਪਟਿਆਲਾ ਰੋਡ, ਪੰਚਕੂਲਾ ਰੋਡ ਦੇ ਨਾਲ ਪੁਰਾਣੀ ਕਾਲਕਾ ਰੋਡ, ਸਿੰਘਪੁਰਾ ਰੋਡ, ਛੱਤ ਰੋਡ, ਸਣੇ ਡੇਰਾਬੱਸੀ ਤੱਕ ਜਾਮ ਦਾ ਅਸਰ ਰਿਹਾ। ਪਿੰਡਾਂ ਵਿੱਚੋਂ ਦੀ ਨਿਕਲਣ ਵਾਲੀ ਸਾਰੀਆਂ ਸੜਕਾਂ ਵੀ ਜਾਮ ਹੋ ਗਈਆਂ ਅਤੇ ਹਜ਼ਾਰਾਂ ਦੀ ਗਿਣਤੀ ਵਾਹਨ ਚਾਲਕ ਬਦਲਵੇਂ ਰਾਹ ਲੱਭਦੇ ਨਜ਼ਰ ਆਏ ਜਿਸ ਨਾਲ ਡੇਰਾਬੱਸੀ ਦਾ ਮੁਬਾਰਿਕਪੁਰ, ਹੈਬਤਪੁਰ, ਸੈਦਪੁਰਾ, ਬਰਵਾਲਾ ਰੋਡ, ਹੈਬਤਪੁਰ ਰੋਡ ਸਣੇ ਹੋਰ ਰਸਤੇ ਜਾਮ ਹੋ ਗਏ। ਦੂਜੇ ਪਾਸੇ ਜਾਮ ਦੀ ਸਮੱਸਿਆ ਤੋਂ ਨਿਪਟਣ ਲਈ ਪੁਲੀਸ ਦੇ ਪ੍ਰਬੰਧ ਨਾਕਾਫੀ ਨਜ਼ਰ ਆਏ।
ਮੁਜ਼ਹਰਾਕਾਰੀ ਅਪਰੇਟਰਾਂ ਨੇ ਕਿਹਾ ਕਿ ਉਹ 12 ਦਿਨਾਂ ਤੋਂ ਧਰਨਾ ਦੇ ਰਹੇ ਹਨ ਪਰ ਪੰਜਾਬ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਨੇ ਯੂਨੀਅਨ ਦੀ ਬਹਾਲੀ ਸਣੇ ਸਾਰੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਕਰ ਦੇਣਗੇ।