ਜਗਮੋਹਨ ਸਿੰਘ
ਰੂਪਨਗਰ, 13 ਅਗਸਤ
ਅੱਜ ਇਥੇ ਰੂਪਨਗਰ ਪ੍ਰੈੱਸ ਕਲੱਬ ਵਿਖੇ ਬੰਨ੍ਹਮਾਜਰਾ ਮਠਾੜੀ ਟਰਾਂਸਪੋਰਟ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਸਕੱਤਰ ਨਵਦੀਪ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਸਿੰਘ ਭਗਵੰਤਪੁਰਾ ਤੇ ਬੰਨ੍ਹਮਾਜਰਾ ਨੇੜਲੇ ਪਿੰਡਾਂ ਦੇ ਟਰੱਕ ਅਪਰੇਟਰਾਂ ਅਤੇ ਟਰੱਕ ਮਾਲਕਾਂ ਦੀ ਮੰਗ ’ਤੇ ਸੁਸਾਇਟੀ ਬਣਾਈ ਗਈ ਸੀ ਤੇ ਸੁਸਾਇਟੀ ਟਰੱਕ ਅਪਰੇਟਰਾਂ ਤੇ ਟਰੱਕ ਮਾਲਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਦੇ ਇਲਾਕੇ ਅੰਦਰ ਚੱਲ ਰਹੀਆਂ ਕਈ ਫੈਕਟਰੀਆਂ ਦੇ ਪ੍ਰਬੰਧਕਾਂ ਵੱਲੋਂ ਲੋਕਲ ਟਰੱਕ ਅਪਰੇਟਰਾਂ ਤੇ ਟਰੱਕ ਮਾਲਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਬਜਾਇ ਉਨ੍ਹਾਂ ਨੂੰ ਕਥਿਤ ਤੌਰ ’ਤੇ ਧਮਕਾ ਕੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਖੇਤਰ ਵਿੱਚ ਕਈ ਫੈਕਟਰੀਆਂ ਨੇ ਨਿਯਮਾਂ ਮੁਤਾਬਿਕ ਟਰੀਟਮੈਂਟ ਪਲਾਂਟ ਨਹੀਂ ਲਗਾਏ ਹੋਏ ਤੇ ਕੈਮੀਕਲ ਯੁਕਤ ਪਾਣੀ ਬੋਰਵੈੱਲਾਂ ਰਾਹੀਂ ਧਰਤੀ ਵਿੱਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਲਾਕਾ ਸੁਧਾਰ ਕਮੇਟੀ ਨੇ ਵੀ ਫੈਕਟਰੀਆਂ ਤੋਂ ਇਲਾਕੇ ਦੇ ਲੋਕਲ ਵਸਨੀਕਾਂ ਨੂੰ ਪਹਿਲ ਦੇ ਆਧਾਰ ਤੇ ਰੁਜ਼ਗਾਰ ਦੇਣ ਦੀ ਕਈ ਵਾਰ ਮੰਗ ਕੀਤੀ ਪਰ ਫੈਕਟਰੀ ਪ੍ਰਬੰਧਕਾਂ ਵੱਲੋਂ ਪੰਜਾਬੀਆਂ ਨੂੰ ਕਥਿਤ ਨਸ਼ੇੜੀ ਦੱਸਦੇ ਹੋਏ ਰੁਜ਼ਗਾਰ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ, ਜਿਸ ਕਰਕੇ ਇਲਾਕਾ ਸੁਧਾਰ ਕਮੇਟੀ ਨੇ ਵੀ ਫੈਕਟਰੀਆਂ ਦੇ ਪ੍ਰਦੂਸ਼ਣ ਤੇ ਓਵਰਲੋਡ ਵਾਹਨਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜਨੀਤਿਕ ਆਗੂਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਅਤੇ ਆਵਾਜਾਈ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਕੇ ਇਲਾਕੇ ਦੇ ਲੋਕਾਂ ਨੂੰ ਪ੍ਰਦੂਸ਼ਣ ਅਤੇ ਓਵਰਲੋਡ ਤੋਂ ਮੁਕਤੀ ਦਿਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਫੈਕਟਰੀਆਂ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਉਹ ਬਾਹਰਲੇ ਸੂਬਿਆਂ ਦੇ ਨੌਜਵਾਨ ਭਰਤੀ ਕਰਨ ਦੀ ਬਜਾਇ ਕੰਪਲਸਰੀ ਵੇਕੈਂਸੀ ਨੋਟੀਫੀਕੇਸ਼ਨ ਐਕਟ 1958 ਦੀ ਪਾਲਣਾ ਕਰਦੇ ਹੋਏ ਲੋਕਲ ਰੁਜ਼ਗਾਰ ਦਫਤਰ ਰਾਹੀਂ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਲਈ ਤਰਜੀਹ ਦੇਣ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਤੋਂ ਇਲਾਵਾ ਗੁਰਵਿੰਦਰ ਸਿੰਘ, ਨਵਦੀਪ ਸਿੰਘ, ਰਾਜੇਸ਼ ਰਾਣਾ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਹਰੀਸ਼ ਰਾਣਾ ਤੇ ਬਲਵੀਰ ਸਿੰਘ ਬਿੱਲਾ ਅਹੁਦੇਦਾਰ ਵੀ ਹਾਜ਼ਰ ਸਨ।