ਅਜੈ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 7 ਫਰਵਰੀ
ਸਰਹਿੰਦ-ਪਟਿਆਲਾ ਮਾਰਗ ’ਤੇ ਅੱਜ ਸਵੇਰੇ ਪਿੰਡ ਖਰੌੜੀ ਕੋਲ ਵਾਪਰੇ ਸੜਕ ਹਾਦਸੇ ’ਚ ਟਰੱਕ ਚਾਲਕ ਦੀ ਮੌਤ ਹੋ ਗਈ। ਮੌਕੇ ’ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਬਜਰੀ ਨਾਲ ਭਰਿਆ ਟਰੱਕ (ਪੀ.ਬੀ.13.ਏ.ਐਫ-5540) ਸਵੇਰੇ 6.30 ਵਜੇ ਦੇ ਕਰੀਬ ਸਰਹਿੰਦ ਤੋਂ ਪਟਿਆਲਾ ਜਾ ਰਿਹਾ ਸੀ। ਜਦੋਂ ਟਰੱਕ ਪਿੰਡ ਖਰੌੜੀ ਦੀ ਟਿਵਾਨਾ ਆਇਲ ਮਿੱਲ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਟਰੱਕ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਟਰੱਕ ਸੜਕ ਕਿਨਾਰੇ ਖੜ੍ਹੇ ਦਰੱਖ਼ਤ ਨਾਲ ਟਕਰਾ ਕੇ ਖਤਾਨਾਂ ’ਚ ਪਲਟ ਗਿਆ। ਹਾਦਸੇ ਕਾਰਨ ਟਰੱਕ ਨੁਕਸਾਨਿਆ ਗਿਆ ਤੇ ਟਰੱਕ ਦਾ ਚਾਲਕ ਕੈਬਿਨ ਵਿੱਚ ਹੀ ਫਸ ਗਿਆ। ਉਸ ਨੂੰ ਪਿੰਡ ਵਾਸੀਆਂ, ਰਾਹਗੀਰਾਂ ਅਤੇ ਹਾਈਵੇ ਪੈਟਰੋਲਿੰਗ ਦੇ ਪੁਲੀਸ ਮੁਲਾਜ਼ਮਾਂ ਨੇ ਬੜੀ ਜੱਦੋ-ਜਹਿਦ ਮਗਰੋਂ ਜੇਸੀਬੀ ਦੀ ਮਦਦ ਨਾਲ ਟਰੱਕ ਦਾ ਕੈਬਿਨ ਤੋੜ ਕੇ ਬਾਹਰ ਕੱਢਿਆ। ਉਸ ਸਮੇਂ ਤੱਕ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਚਾਲਕ ਦੀ ਮੌਤ ਹੋ ਚੁੱਕੀ ਸੀ। ਮੂਲੇਪੁਰ ਪੁਲੀਸ ਮੁਤਾਬਿਕ ਮ੍ਰਿਤਕ ਟਰੱਕ ਚਾਲਕ ਦੀ ਪਛਾਣ ਮੇਜਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਡੂਡੀਆਂ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਇਥੇ ਨਿਊ ਚੰਡੀਗੜ੍ਹ ਖੇਤਰ ਦੀ ਸੜਕ ’ਤੇ ਖੜ੍ਹੇ ਸਾਨ੍ਹ ਦੇ ਮੂੰਹ ਉੱਤੇ ਕਿਸੇ ਵਾਹਨ ਵੱਲੋਂ ਮਾਰੀ ਫੇਟ ਕਾਰਨ ਉਹ ਜ਼ਖਮੀਂ ਹੋ ਗਿਆ। ਉਸ ਨੂੰ ਸਮਾਜ-ਸੇਵੀ ਕੇਕੇ ਮਲਹੋਤਰਾ, ਯੋਗੇਸ਼ ਤੇ ਰੂਪਚੰਦ ਨੇ ਸੜਕ ਤੋਂ ਚੁੱਕਵਾ ਕੇ ਬਰਮ ਵਿੱਚ ਰਖਵਾਇਆ ਅਤੇ ਉਸ ਦਾ ਇਲਾਜ ਕਰਵਾਇਆ। ਕਾਫੀ ਸਮੇਂ ਬਾਅਦ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਸ ਸਾਨ੍ਹ ਦੀ ਮੌਤ ਹੋ ਗਈ।
ਬੱਸ ਵੱਲੋਂ ਮਾਰੀ ਫੇਟ ਕਾਰਨ ਮੋਟਰਸਾਈਕਲ ਸਵਾਰ ਦੋ ਜਣਿਆਂ ਦੀ ਮੌਤ
ਖਰੜ (ਸ਼ਸ਼ੀਪਾਲ ਜੈਨ): ਭਾਗੋਮਾਜਰਾ ਟੌਲ ਪਲਾਜ਼ਾ ਕੋਲ ਵਾਪਰੇ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਮਹੀਪਾਲ ਅਤੇ ਜਗਤ ਸਿੰਘ ਦੀ ਮੌਤ ਹੋ ਗਈ ਹੈ। ਜਗਤ ਸਿੰਘ ਦੇ ਭਰਾ ਮਨੋਜ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਪਿੰਡ ਦਾਊਮਾਜਰਾ ਵਿਚ ਰਹਿੰਦੇ ਹਨ ਅਤੇ ਮਿਹਨਤ-ਮਜ਼ਦੂਰੀ ਕਰਦੇ ਹਨ। ਬੀਤੇ ਦਿਨ ਉਸ ਦਾ ਭਰਾ ਜਗਤ ਸਿੰਘ ਆਪਣੇ ਸਾਥੀ ਮਹੀਪਾਲ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੰਮਕਾਜ ਲਈ ਪਿੰਡ ਭਾਗੋਮਾਜਰਾ ਆਏ ਸਨ। ਜਦੋਂ ਉਹ ਵਾਪਸ ਘਰ ਜਾ ਰਹੇ ਸਨ ਤਾਂ ਭਾਗੋਮਾਜਰਾ ਟੌਲ ਪਲਾਜ਼ਾ ਨੇੜੇ ਖਰੜ ਸਾਈਡ ਤੋਂ ਆ ਰਹੀ ਬੱਸ ਦੇ ਚਾਲਕ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਤੇ ਦੋਵੇਂ ਜਣੇ ਸੜਕ ’ਤੇ ਡਿੱਗ ਪਏ। ਬੱਸ ਡਰਾਈਵਰ ਨੇ ਬਰੇਕ ਮਾਰੀ ਪਰ ਬਾਅਦ ਵਿੱਚ ਬੱਸ ਭਜਾ ਕੇ ਲੈ ਗਿਆ। ਦੋਹਾਂ ਨੂੰ ਸਿਵਲ ਹਸਪਤਾਲ ਖਰੜ ਲਿਆਂਦਾ ਗਿਆ ਜਿਥੇ ਮਹੀਪਾਲ ਦੀ ਮੌਤ ਹੋ ਗਈ ਅਤੇ ਜਗਤ ਸਿੰਘ ਨੂੰ ਪੀਜੀਆਈ ਰੈਫਰ ਕੀਤਾ ਗਿਆ। ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਘੜੂੰਆਂ ਪੁਲੀਸ ਨੇ ਬੱਸ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ।