ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਜੂਨ
ਸਰਕਾਰੀ ਆਰਟ ਕਾਲਜ ਸੈਕਟਰ-10 ਵਿਚ ਦਾਖਲਿਆਂ ਸਬੰਧੀ ਲਿੰਕ ਨਾ ਖੁੱਲ੍ਹਣ ਕਾਰਨ ਵਿਦਿਆਰਥੀ ਪ੍ਰੇਸ਼ਾਨ ਹਨ ਪਰ ਕਾਲਜ ਵਲੋਂ ਇਸ ਤਕਨੀਕੀ ਨੁਕਸ ਨੂੰ ਠੀਕ ਨਹੀਂ ਕੀਤਾ ਜਾ ਰਿਹਾ।
ਜਾਣਕਾਰੀ ਅਨੁਸਾਰ ਇਸ ਕਾਲਜ ਵਿਚ ਬੈਚਲਰ ਇਨ ਫਾਈਨ ਆਰਟਸ ਵਿਚ ਦਾਖਲਾ ਲੈਣ ਲਈ ਪ੍ਰਾਸਪੈਕਟਸ ਤਾਂ ਡਾਊਨਲੋਡ ਹੋ ਰਿਹਾ ਹੈ ਪਰ ਨਵੇਂ ਵਿਦਿਆਰਥੀਆਂ ਨੂੰ ਰਜਿਸਟਰਡ ਕਰਨ ਦਾ ਲਿੰਕ ਨਹੀਂ ਖੁੱਲ੍ਹ ਰਿਹਾ। ਇਸ ਕਾਲਜ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਕਾਲਜ ਵਿਚ ਦਾਖਲਿਆਂ ਦਾ ਲਿੰਕ ਚਾਰ ਦਿਨ ਪਹਿਲਾਂ ਅਪਲੋਡ ਹੋਇਆ ਸੀ ਤੇ ਉਹ ਪਿਛਲੇ ਚਾਰ ਦਿਨਾਂ ਤੋਂ ਹੀ ਰੋਜ਼ਾਨਾ ਕਈ ਵਾਰ ਲਿੰਕ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲਿੰਕ ਨਹੀਂ ਖੁੱਲ੍ਹ ਰਿਹਾ। ਇਸ ਕਾਲਜ ਵਿਚ ਬੈਚਲਰ ਇਨ ਫਾਈਨ ਆਰਟਸ ਲਈ 60 ਸੀਟਾਂ ਹਨ ਜਿਨ੍ਹਾਂ ਵਿਚ ਅਪਲਾਈਡ ਆਰਟ, ਗਰਾਫਿਕਸ ਪ੍ਰਿੰਟ ਮੇਕਿੰਗ, ਸਕੱਲਪਚਰ ਲਈ 15-15 ਸੀਟਾਂ ਹਨ। ਇਨ੍ਹਾਂ ਕੋਰਸਾਂ ਵਿਚ ਦਾਖਲਿਆਂ ਲਈ ਐਪਟੀਚਿਊਡ ਟੈਸਟ ਲਿਆ ਜਾਵੇਗਾ ਜਿਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਪਹਿਲੀ ਜੁਲਾਈ ਹੈ। ਕਾਲਜ ਵਿਚ ਦਾਖਲਾ ਲੈਣ ਵਾਲਿਆਂ ਨੇ ਦੱਸਿਆ ਕਿ ਜੇ ਉਨ੍ਹਾਂ ਦੀ ਰਜਿਸਟਰੇਸ਼ਨ ਹੀ ਸਮੇਂ ਸਿਰ ਨਾ ਹੋਈ ਤਾਂ ਉਹ ਕਿਸ ਤਰ੍ਹਾਂ ਅਪਲਾਈ ਕਰਨਗੇ। ਇਸ ਸਬੰਧੀ ਕਾਲਜ ਅਧਿਕਾਰੀਆਂ ਨੂੰ ਇਸ ਲਿੰਕ ਦੀ ਤਕਨੀਕੀ ਸਮੱਸਿਆ ਬਾਰੇ ਪੁੱਛਿਆ ਗਿਆ ਪਰ ਉਨ੍ਹਾਂ ਵੈੱਬਸਾਈਟ ਤੋਂ ਲਿੰਕ ਹਟਾ ਕੇ ਦੇਰ ਸ਼ਾਮ ਨਵਾਂ ਲਿੰਕ ਅਪਲੋਡ ਕਰ ਦਿੱਤਾ।
ਕਾਲਜਾਂ ਵਿੱਚ ਪ੍ਰੈਕਟੀਕਲ ਪ੍ਰੀਖਿਆਵਾਂ ਅੱਜ ਤੋਂ
ਯੂਟੀ ਦੇ ਕਾਲਜਾਂ ਵਿਚ ਪ੍ਰੈਕਟੀਕਲ ਪ੍ਰੀਖਿਆਵਾਂ 15 ਜੂਨ ਤੋਂ ਸ਼ੁਰੂ ਹੋ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਲਈ ਯੂਨੀਵਰਸਿਟੀ ਵੱਲੋਂ ਕਾਲਜਾਂ ਵਿਚ ਐਗਜ਼ਾਮੀਨਰ ਨਿਯੁਕਤ ਕਰ ਦਿੱਤੇ ਗਏ ਹਨ। ਕਾਲਜਾਂ ਦੇ ਅੰਡਰ ਗਰੈਜੂਏਟ ਵਰਗ ਲਈ ਪ੍ਰੈਕਟੀਕਲ 15 ਤੋਂ 21 ਜੂਨ ਜਦਕਿ ਪੋਸਟ ਗਰੈਜੂਏਟ ਵਰਗ ਲਈ ਪ੍ਰੈਕਟੀਕਲ 20 ਤੋਂ 26 ਜੂਨ ਤਕ ਹੋਣਗੇ। ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-42 ਦੀ ਪ੍ਰਿੰਸੀਪਲ ਡਾ. ਨਿਸ਼ਾ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਵਿਚ ਇਕ ਹਜ਼ਾਰ ਦੇ ਕਰੀਬ ਵਿਦਿਆਰਥੀ ਪ੍ਰੀਖਿਆਵਾਂ ਦੇਣਗੇ ਜਿਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜੀਜੀਡੀਐਸਡੀ ਕਾਲਜ ਸੈਕਟਰ-32 ਵਿਚ 6956 ਵਿਦਿਆਰਥੀ ਪ੍ਰੈਕਟੀਕਲ ਦੇਣਗੇ। ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਨੇ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀ ਪਹਿਲੀ ਵਾਰ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਰਹੇ ਹਨ, ਇਸ ਕਰਕੇ ਉਨ੍ਹਾਂ ਦੇ ਮੌਕ ਪ੍ਰੈਕਟੀਕਲ ਕਰਵਾਏ ਗਏ।