ਜਗਮੋਹਨ ਸਿੰਘ
ਰੂਪਨਗਰ, 13 ਅਪਰੈਲ
ਜ਼ਿਲ੍ਹੇ ਦੀ ਪੁਲੀਸ ਪਾਵਰ ਕਲੋਨੀ ਵਿੱਚ ਹੋਏ ਤੀਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਵਿੱਚ ਜੁਟੀ ਹੋਈ ਹੈ। ਪੁਲੀਸ ਵੱਲੋਂ ਪਰਿਵਾਰ ਦੇ ਲਾਪਤਾ ਹੋਏ ਚੌਥੇ ਮੈਂਬਰ ਪ੍ਰਭਜੋਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੁਲੀਸ ਅਨੁਸਾਰ ਪ੍ਰਭਜੋਤ ਸਿੰਘ ਕੋਲ ਦੋ ਮੋਬਾਈਲ ਸਨ, ਜਿਹੜੇ ਕਿ 10 ਅਪਰੈਲ ਤੱਕ ਚਾਲੂ ਪਾਏ ਗਏ। ਇਨ੍ਹਾਂ ਦੀ ਲੋਕੇਸ਼ਨ ਚੈੱਕ ਕਰਨ ਮਗਰੋਂ ਇੱਕ ਨੰਬਰ ਡੀ.ਏ.ਵੀ. ਸਕੂਲ ਰੋਡ ਅਤੇ ਦੂਸਰਾ ਮੋਬਾਈਲ ਨੰਬਰ ਦੁਪਹਿਰ ਇੱਕ ਵਜੇ ਤੱਕ ਕੋਟਲਾ ਨਿਹੰਗ ਖਾਂ ਦੇ ਨੇੜੇ ਦੀ ਟਾਵਰ ਲੋਕੇਸ਼ਨ ਵਿੱਚ ਮਿਲਿਆ।
ਪੁਲੀਸ ਵੱਲੋਂ ਕੋਟਲਾ ਨਿਹੰਗ ਪਿੰਡ ਨੇੜਿਉਂ ਗੁਜ਼ਰਦੀ ਭਾਖੜਾ ਨਹਿਰ ਵਿੱਚ ਗੋਤਾਖੋਰ ਲਗਾਉਣ ਤੋਂ ਇਲਾਵਾ ਆਲੇ ਦੁਆਲੇ ਦੀਆਂ ਸੁੰਨਸਾਨ ਥਾਵਾਂ ’ਤੇ ਵੀ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਸ ਦੀ ਐਕਟਿਵਾ ਵੀ ਗਾਇਬ ਹੈ।
ਉੱਧਰ ਅੱਜ ਪੁਲੀਸ ਨੇ ਮ੍ਰਿਤਕ ਮਾਸਟਰ ਹਰਚਰਨ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਡਾਕਟਰ ਬੇਟੀ ਚਰਨਪ੍ਰੀਤ ਕੌਰ ਦੀਆਂ ਲਾਸ਼ਾਂ ਪੋਸਟ ਮਾਰਟਮ ਮਗਰੋਂ ਹਰਚਰਨ ਸਿੰਘ ਦੇ ਭਰਾ ਚਮਕੌਰ ਸਿੰਘ ਦੇ ਸਪੁਰਦ ਕਰ ਦਿੱਤੀਆਂ ਹਨ।
ਪੁਲੀਸ ਨੇ ਚਮਕੌਰ ਸਿੰਘ ਦੇ ਬਿਆਨ ਵੀ ਕਲਮਬੱਧ ਕੀਤੇ ਹਨ ਅਤੇ ਚਮਕੌਰ ਸਿੰਘ ਦੇ ਦੱਸਣ ਅਨੁਸਾਰ ਹਰਚਰਨ ਸਿੰਘ ਅਤੇ ਉਸ ਦੇ ਪਰਿਵਾਰ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ। ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਹੱਤਿਆ ਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸਾਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਜਾਵੇਗਾ।