ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਗਸਤ
ਮੁੱਖ ਅੰਸ਼
- ਪ੍ਰਸ਼ਾਸਕ ਨੂੰ ਪੱਤਰ ਲਿਖਿਆ; ਨਗਰ ਨਿਗਮ ਵੱਲੋਂ 20 ਰੁਪਏ ਵਸੂਲਣ ਦਾ ਵਿਰੋਧ ਕੀਤਾ
- ਬੱਸਾਂ ’ਤੇ ਤਿਰੰਗੇ ਦਾ ਅਪਮਾਨ ਰੋਕਣ ਲਈ ਢੁੱਕਵੀਆਂ ਥਾਵਾਂ ’ਤੇ ਫਲੈਕਸ ਲਾਉਣ ’ਤੇ ਜ਼ੋਰ
ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ‘ਹਰ ਘਰ ਤਿਰੰਗਾ’ ਮੁਹਿੰਮ ਸਬੰਧੀ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਤਿਰੰਗਾ ਝੰਡਾ ਮੁਫ਼ਤ ਕਿਉਂ ਨਹੀਂ ਦਿੱਤਾ ਜਾ ਰਿਹਾ। ਸ੍ਰੀਮਤੀ ਦੂਬੇ ਨੇ ਪ੍ਰਸ਼ਾਸਕ ਦੇ ਧਿਆਨ ਵਿੱਚ ਲਿਆਂਦਾ ਕਿ ਚੰਡੀਗੜ੍ਹ ਅਤੇ ਆਸਪਾਸ ਇਲਾਕਿਆਂ ਦੇ ਕਈ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹਨ। ਉਹ ਪ੍ਰਸ਼ਾਸਨ ਵੱਲੋਂ 20 ਰੁਪਏ ਵਿੱਚ ਦਿੱਤੇ ਜਾ ਰਹੇ ਤਿਰੰਗੇ ਝੰਡੇ ਨੂੰ ਖਰੀਦ ਨਹੀਂ ਸਕਦੇ। ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਨੇ ਪ੍ਰਸ਼ਾਸਕ ਨੂੰ ਲਿਖੇ ਪੱਤਰ ਵਿੱਚ ਇਹ ਵੀ ਦੱਸਿਆ ਕਿ ਸਰਕਾਰੀ ਬੱਸਾਂ ’ਤੇ ਤਿਰੰਗਾ ਲਹਿਰ ਸਬੰਧੀ ਵੱਡੇ-ਵੱਡੇ ਫਲੈਕਸ ਲਗਾ ਕੇ ਬੱਸਾਂ ਨੂੰ ਸਜਾਇਆ ਗਿਆ ਹੈ ਪਰ ਮੰਦਭਾਗੀ ਗੱਲ ਹੈ ਬੱਸਾਂ ’ਚ ਬੈਠੀਆਂ ਸਵਾਰੀਆਂ ਕਈ ਵਾਰ ਉਲਟੀਆਂ ਕਰ ਦਿੰਦੀਆਂ ਹਨ ਜੋ ਕਿ ਇਨ੍ਹਾਂ ਫਲੈਕਸਾਂ ’ਤੇ ਡਿੱਗਦੀਆਂ ਹਨ। ਇਸ ਕਾਰਨ ਤਿਰੰਗੇ ਝੰਡਿਆਂ ਦਾ ਅਪਮਾਨ ਹੁੰਦਾ ਹੈ। ਇਸ ਲਈ ਰੋਡਵੇਜ਼ ਵਿਭਾਗ ਨੂੰ ਚਾਹੀਦਾ ਹੈ ਕਿ ਸਰਕਾਰੀ ਬੱਸਾਂ ’ਤੇ ਢੁੱਕਵੀਆਂ ਥਾਵਾਂ ’ਤੇ ਫਲੈਕਸ ਲਗਾਏ ਜਾਣ ਤਾਂ ਕਿ ਤਿਰੰਗੇ ਝੰਡੇ ਦਾ ਅਪਮਾਨ ਨਾ ਹੋਵੇ।
ਆਜ਼ਾਦੀ ਦਿਵਸ ਦੇ ਮੱਦੇਨਜ਼ਰ ਚੌਕਸੀ ਵਧਾਈ
ਮੁਹਾਲੀ (ਪੱਤਰ ਪ੍ਰੇਰਕ): 75ਵੇਂ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਅੱਜ ਏਡੀਜੀਪੀ (ਸਕਿਉਰਿਟੀ) ਐੱਸਐੱਸ ਸ੍ਰੀਵਾਸਤਵਾ ਦੀ ਨਿਗਰਾਨੀ ਹੇਠ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਨਾਕਾਬੰਦੀ ਕਰ ਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਏਡੀਜੀਪੀ ਨੇ ਨਾਕੇ ’ਤੇ ਖੜ੍ਹ ਕੇ ਖ਼ੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਚੈਕਿੰਗ ਦੌਰਾਨ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 56 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 12 ਵਾਹਨ ਮੋਟਰ ਵਹੀਕਲ ਐਕਟ ਤਹਿਤ ਬੰਦ ਕੀਤੇ ਗਏ। ਚੈਕਿੰਗ ਦੌਰਾਨ ਚੰਡੀਗੜ੍ਹ ਨੰਬਰ ਦੀ ਇੱਕ ਵਰਨਾ ਕਾਰ ਵਿੱਚੋਂ 30 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਮੁਲਜ਼ਮਾਂ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਕਾਰ ਸਵਾਰਾਂ ਦੀ ਗ੍ਰਿਫ਼ਤਾਰੀ ਪਾਈ ਗਈ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਆਉਣ ਵਾਲੇ ਦਿਨ ਵਿੱਚ ਵੀ ਲਗਾਤਾਰ ਨਾਕਾਬੰਦੀ ਜਾਰੀ ਰਹੇਗੀ। ਇਸ ਤੋਂ ਇਲਾਵਾ ਮੁਹਾਲੀ ਕੌਮਾਂਤਰੀ ਏਅਰਪੋਰਟ ਅਤੇ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ’ਤੇ ਵੀ ਚੌਕਸੀ ਵਧਾਈ ਗਈ ਹੈ।