ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਸਤੰਬਰ
ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇਈਈ) ਐਡਵਾਂਸ ਦਾ ਨਤੀਜਾ ਅੱਜ ਐਲਾਨਿਆ ਗਿਆ। ਦੇਸ਼ ਦੇ ਮੋਹਰੀ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਦਾਖ਼ਲਾ ਦਿਵਾਉਣ ਵਾਲਾ ਐਂਟਰੈਂਸ ਟੈਸਟ ਇਸ ਵਾਰ ਚੰਡੀਗੜ੍ਹ ਦੇ 110 ਤੋਂ ਜ਼ਿਆਦਾ ਬੱਚਿਆਂ ਨੇ ਪਾਸ ਕੀਤਾ ਹੈ। ਇਸ ਵਾਰ ਟ੍ਰਾਈਸਿਟੀ ਵਿੱਚ ਚਿਨਮਯ ਖੋਖਰ ਨੇ ਟੌਪ ਕੀਤਾ ਹੈ। ਉਸ ਦਾ ਆਲ ਇੰਡੀਆ 42ਵਾਂ ਰੈਂਕ ਆਇਆ ਹੈ। ਭਵਨ ਵਿਦਿਆਲਿਆ ਸਕੂਲ ਦਾ ਵਿਦਿਆਰਥੀ ਰਿਹਾ ਚਿੰਨਮਯ ਮੇਰਠ ਦਾ ਰਹਿਣ ਵਾਲਾ ਹੈ ਤੇ ਉਸ ਦਾ ਪ੍ਰੇਰਨਾ ਸਰੋਤ ਉਸ ਦੇ ਅਧਿਆਪਕ ਤੇ ਉਸ ਦਾ ਭਰਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 42 ਦੇ ਰਹਿਣ ਵਾਲੇ ਚਿਨਮਯ ਨੇ ਦੱਸਿਆ ਕਿ ਉਸ ਨੇ ਹਮੇੇਸ਼ਾ ਹਾਂ-ਪੱਖੀ ਸੋਚ ਰੱਖ ਕੇ ਇਹ ਮਾਅਰਕਾ ਮਾਰਿਆ ਹੈ। ਉਹ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਕਰਨ ਦਾ ਚਾਹਵਾਨ ਹੈ। ਇਸ ਤੋਂ ਇਲਾਵਾ ਹਰਸ਼ ਜਾਖੜ ਨੇ 48ਵਾਂ ਰੈਂਕ ਹਾਸਲ ਕੀਤਾ ਹੈ ਤੇ ਅਨਿਰੁਧ ਗਰਗ ਦਾ 50ਵਾਂ ਤੇ ਨਿਵੇਸ਼ ਅਗਰਵਾਲ ਦਾ 60ਵਾਂ ਰੈਂਕ ਆਇਆ ਹੈ। ਇਸ ਤੋਂ ਇਲਾਵਾ ਆਸ਼ਿਆਨਾ ਪਬਲਿਕ ਸਕੂਲ ਸੈਕਟਰ 46 ਤੋਂ ਪੜ੍ਹੇ ਸਾਰਥਕ ਸਿੰਗਲਾ ਦਾ ਆਲ ਇੰਡੀਆ 134ਵਾਂ ਰੈਂਕ ਆਇਆ ਹੈ।
ਬਾਲ ਨਿਕੇਤਨ ਸਕੂਲ ਸੈਕਟਰ-37 ਵਿੱਚੋਂ ਪੜ੍ਹੇ ਹਰਸ਼ ਜਾਖੜ ਨੇ ਜੇਈਈ ਐਡਵਾਂਸ ਲਈ ਐਲਨ ਇੰਸਟੀਚਿਊਟ ਤੋਂ ਸਿਖਲਾਈ ਹਾਸਲ ਕੀਤੀ ਸੀ। ਉਸ ਨੇ ਸਵਿਟਜ਼ਰਲੈਂਡ ਵਿਚ ਆਨਲਾਈਨ ਹੋਏ ਕੌਮਾਂਤਰੀ ਫਿਜ਼ਿਕਸ ਓਲੰਪੀਆਡ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ। ਉਸ ਨੇ ਬਾਲ ਵਿਗਿਆਨ ਉਤਸ਼ਾਹਕ ਯੋਜਨਾ 2022 ਵਿੱਚ ਭਾਰਤ ਭਰ ਵਿੱਚੋਂ 58ਵਾਂ ਸਥਾਨ ਹਾਸਲ ਕੀਤਾ ਸੀ। ਉਸ ਨੇ ਤਣਾਅ ਨੂੰ ਦੂਰ ਕਰਨ ਲਈ ਕ੍ਰਿਕਟ ਖੇਡਣ ਦਾ ਸਹਾਰਾ ਲਿਆ। ਉਸ ਨੇ ਦੱਸਿਆ ਕਿ ਉਸ ਦਾ ਮਨਪਸੰਦ ਵਿਸ਼ਾ ਗਣਿਤ ਰਿਹਾ ਹੈ ਜਿਸ ਵਿੱਚ ਉਸ ਦੇ ਹਮੇਸ਼ਾ ਸਰਬੋਤਮ ਅੰਕ ਆਏ ਹਨ। ਉਸ ਨੇ ਸ਼ੁਰੂਆਤ ਵਿੱਚ ਅਬੈਕਸ ਦੀਆਂ ਜਮਾਤਾਂ ਲਾਈਆਂ।
ਦੂਜੀ ਵਾਰ ਟੌਪ ਸੌ ਵਿੱਚ ਆਏ ਜੌੜੇ ਭਰਾ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਨੀਮਾਜਰਾ ਤੋਂ ਪੜ੍ਹੇ ਜੌੜੇ ਭਰਾ ਸੋਮਿਲ ਤੇ ਸੌਮਿਆ ਬਾਂਸਲ ਨੇ ਇਸ ਵਾਰ ਵੀ ਮਾਅਰਕਾ ਮਾਰਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਜੇਈਈ ਮੇਨਜ਼ ਦੇ ਟੌਪ 100 ਵਿੱਚ ਥਾਂ ਬਣਾਈ ਸੀ। ਉਨ੍ਹਾਂ ਨੇ ਕ੍ਰਮਵਾਰ 73ਵਾਂ ਤੇ 90ਵਾਂ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਨੇ ਇਸ ਵਾਰ ਵੀ ਕ੍ਰਮਵਾਰ 69ਵਾਂ ਤੇ 92ਵਾਂ ਰੈਂਕ ਹਾਸਲ ਕਰ ਕੇ ਪਹਿਲੇ ਸੌ ਵਿੱਚ ਥਾਂ ਬਣਾਈ ਹੈ। ਇਨ੍ਹਾਂ ਦੋਵਾਂ ਭਰਾਵਾਂ ਨੇ ਐਲਨ ਇੰਸਟੀਚਿਊਟ ਤੋਂ ਸਿਖਲਾਈ ਹਾਸਲ ਕੀਤੀ ਹੈ। ਇਨ੍ਹਾਂ ਦੇ ਪਿਤਾ ਮਨੀਸ਼ ਬਾਂਸਲ ਕਾਰੋਬਾਰੀ ਹਨ ਤੇ ਮਾਂ ਪੂਜਾ ਬਾਂਸਲ ਘਰੇਲੂ ਸੁਆਣੀ ਹੈ। ਉਨ੍ਹਾਂ ਨੇ ਬੈਡਮਿੰਟਨ ਖੇਡ ਕੇ ਨਕਾਰਾਤਕ ਸੋਚ ਨੂੰ ਦੂਰ ਕੀਤਾ। ਉਨ੍ਹਾਂ ਨੇ ਮੌਕ ਟੈਸਟ ਦੇ ਕੇ ਆਪਣੀਆਂ ਖਾਮੀਆਂ ਨੂੰ ਦੂਰ ਕੀਤਾ। ਜ਼ਿਕਰਯੋਗ ਹੈ ਕਿ ਇਸ ਵਾਰ 160038 ਵਿਦਿਆਰਥੀ ਇਸ ਟੈਸਟ ਲਈ ਰਜਿਸਟਰਡ ਹੋਏ ਸਨ ਜਿਨ੍ਹਾਂ ਵਿੱਚੋਂ 155538 ਵਿਦਿਆਰਥੀਆਂ ਨੇ ਜੇਈਈ ਦੇ ਦੋਵੇਂ ਪੇਪਰ ਦਿੱਤੇ। ਇਨ੍ਹਾਂ ਵਿੱਚੋਂ 40712 ਵਿਦਿਆਰਥੀ ਪਾਸ ਹੋਏ ਹਨ। ਇਹ ਪ੍ਰੀਖਿਆ 28 ਅਗਸਤ ਨੂੰ ਦੋ ਸ਼ਿਫਟਾਂ ਵਿੱਚ ਲਈ ਗਈ ਸੀ।