ਕੁਲਦੀਪ ਸਿੰਘ
ਚੰਡੀਗੜ੍ਹ, 13 ਸਤੰਬਰ
ਇਥੋਂ ਦੇ ਸੈਕਟਰ-47 ਵਾਸੀ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। 56 ਵਰ੍ਹਿਆਂ ਦਾ ਇਹ ਮਰੀਜ਼ ਟਾਈਪ-2 ਡਾਇਬੀਟੀਜ਼ ਤੋਂ ਵੀ ਪੀੜਤ ਸੀ ਅਤੇ ਸੈਕਟਰ-48 ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਇਸ ਦੌਰਾਨ ਅੱਜ 449 ਹੋਰ ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਤੇ ਚੰਡੀਗੜ੍ਹ ਵਿੱਚ ਮਰੀਜ਼ਾਂ ਦਾ ਕੁੱਲ ਅੰਕੜਾ 7991 ਹੋ ਗਿਆ ਹੈ। ਸਿਹਤ ਵਿਭਾਗ ਮੁਤਾਬਕ ਨਵੇਂ ਕੇਸ ਸੈਕਟਰ 4, 5, 7, 8, 9, 10, 11, 14, 15, 16, 17, 18, 19, 20, 21, 22, 23, 24, 25, 26, 27, 28, 29, 30, 31, 32, 33, 34, 35, 36, 37, 38, 38-ਵੈਸਟ, 39, 40, 41, 42, 43, 44, 45, 46, 47, 48, 49, 50, 51, 52, 56, 61, 63, ਪੀ.ਜੀ.ਆਈ. ਕੈਂਪਸ, ਇੰਡਸਟਰੀਅਲ ਏਰੀਆ ਫੇਜ਼-1 ਤੇ 2, ਬਾਪੂ ਧਾਮ ਕਲੋਨੀ, ਬਹਿਲਾਣਾ, ਬੁੜੈਲ, ਡੱਡੂਮਾਜਰਾ, ਦੜੂਆ, ਧਨਾਸ, ਹੱਲੋਮਾਜਰਾ, ਕਜਹੇੜੀ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਲੋਆ, ਮਨੀਮਾਜਰਾ, ਮੌਲੀ ਜਾਗਰਾਂ ਤੇ ਰਾਏਪੁਰ ਖੁਰਦ ਤੋਂ ਸਾਹਮਣੇ ਆਏ ਹਨ। ਅੱਜ 306 ਹੋਰ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ ਅਤੇ ਹੁਣ ਤੱਕ ਕੁੱਲ 5170 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਮ੍ਰਿਤਕ ਮਰੀਜ਼ਾਂ ਦੀ ਕੁੱਲ ਗਿਣਤੀ 90 ਹੋ ਚੁੱਕੀ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 2728 ਹੈ।
ਬਨੂੜ (ਕਰਮਜੀਤ ਸਿੰਘ ਚਿੱਲਾ): ਬਨੂੜ ਖੇਤਰ ਵਿੱਚ ਅੱਜ ਕਰੋਨਾ ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਦਰਾਂ ਮਾਮਲੇ ਪਿੰਡ ਬੂਟਾਸਿੰਘ ਵਾਲਾ ਤੋਂ ਸਾਹਮਣੇ ਆਏ ਹਨ। ਇਸੇ ਦੌਰਾਨ ਗਿਆਨ ਸਾਗਰ ਦੇ ਮੈਡੀਕਲ ਸੁਪਰਡੈਂਟ ਡਾ. ਐੰਸਪੀਐੱਸ ਗੁਰਾਇਆ ਨੇ ਦੱਸਿਆ ਹਸਪਤਾਲ ਵਿੱਚ ਇਲਾਜ ਅਧੀਨ 86 ਮਰੀਜ਼ਾਂ ਵਿੱਚੋਂ 38 ਮਰੀਜ਼ਾਂ ਨੂੰ ਆਕਸੀਜਨ ਅਤੇ ਇਕ ਗੰਭੀਰ ਮਰੀਜ਼ ਨੂੰ ਵੈਂਟੀਲੇਟਰ ਦੀ ਸਹਾਇਤਾ ਦਿੱਤੀ ਗਈ ਹੈ।
ਮੁਹਾਲੀ ਜ਼ਿਲ੍ਹੇ ਵਿੱਚ 296 ਨਵੇਂ ਮਾਮਲੇ; 6 ਮੌਤਾਂ
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 296 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 6663 ਹੋ ਗਈ ਹੈ। ਅੱਜ ਸੱਤ ਸਾਲ ਦੀ ਬੱਚੀ ਸਮੇਤ 6 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਹੁਣ ਤੱਕ 134 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ 178 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਮੈਕਸ ਹਸਪਤਾਲ ਵਿੱਚ ਦਾਖ਼ਲ ਜ਼ੀਰਕਪੁਰ ਦੀ 39 ਸਾਲਾਂ ਦੀ ਔਰਤ, ਫੇਜ਼-11 ’ਚ ਰਹਿਣ ਵਾਲੀ ਬੱਚੀ, ਸੈਕਟਰ-68 ਦਾ ਬਜ਼ੁਰਗ ਅਤੇ ਪਿੰਡ ਢਕੌਲੀ ਦਾ ਵਸਨੀਕ ਸ਼ਾਮਲ ਹਨ। ਇਹ ਤਿੰਨੇ ਜਣੇ ਪੀਜੀਆਈ ਵਿੱਚ ਦਾਖ਼ਲ ਸਨ। ਇੰਜ ਹੀ ਮੁੰਡੀ ਖਰੜ ਦੀ 75 ਸਾਲਾਂ ਦੀ ਔਰਤ ਅਤੇ ਜ਼ੀਰਕਪੁਰ ਦੇ 79 ਸਾਲਾਂ ਦੇ ਬਜ਼ੁਰਗ ਨੇ ਦਮ ਤੋੜ ਦਿੱਤਾ ਹੈ। ਇਹ ਦੋਵੇਂ ਜੀਐਮਸੀਐਚ ਪਟਿਆਲਾ ਵਿੱਚ ਦਾਖ਼ਲ ਸਨ। ਇਸੇ ਤਰ੍ਹਾਂ ਮੁਹਾਲੀ ਸ਼ਹਿਰੀ ਖੇਤਰ ਵਿੱਚ 107 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚ 33, ਘੜੂੰਆਂ ਬਲਾਕ ਅਧੀਨ ਪੇਂਡੂ ਖੇਤਰ ਵਿੱਚ 51, ਢਕੌਲੀ ਵਿੱਚ 56, ਬੂਥਗੜ੍ਹ ਬਲਾਕ ਵਿੱਚ 3, ਕੁਰਾਲੀ ਵਿੱਚ ਸੱਤ, ਬਨੂੜ ਵਿੱਚ 15, ਲਾਲੜੂ ਵਿੱਚ 5 ਅਤੇ ਡੇਰਾਬੱਸੀ ਵਿੱਚ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 2227 ਨਵੇਂ ਕੇਸ ਐਕਟਿਵ ਹਨ।
ਪੰਚਕੂਲਾ ’ਚ 158 ਨਵੇਂ ਕੇਸ
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 158 ਨਵੇਂ ਕੇਸ ਸਾਹਮਣੇ ਆਏ। ਇਨ੍ਹਾਂ ਵਿੱਚੋਂ ਪੰਚਕੂਲਾ ਇਲਾਕੇ ਨਾਲ ਸਬੰਧਤ 120 ਕੇਸ ਹਨ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈੇ। ਉਨ੍ਹਾਂ ਕਿਹਾ ਕਿ ਇਹ ਕੇਸ ਪੰਚਕੂਲਾ ਦੇ ਵੱਖ ਵੱਖ ਸੈਕਟਰਾਂ, ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚੋਂ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਨ ਦੀ ਪ੍ਰਕ੍ਰਿਰਿਆ ਸ਼ੁਰੂ ਕੀਤੀ ਗਈ ਹੈ ਤੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਕੁਆਰਨਟਾਈਨ ਕੀਤਾ ਜਾ ਰਿਹਾ ਹੈ।